ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ-ਕਾਂਗਰਸ ਪਾਰਟੀ ਅੰਦਰ ਚੱਲ ਰਹੀ ਖ਼ਾਨਾਜੰਗੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇੱਕ ਪਾਸੇ ਜਿੱਥੇ ਸੂਬਾ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਵਿਚਕਾਰ ਸ਼ੀਤ ਜੰਗ ਚੱਲ ਰਹੀ ਹੈ, ਊਥੇ ਦੂਜੇ ਪਾਸੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਮੋਰਚਾ ਖੋਲ ਦਿੱਤਾ ਹੈ। ਬੀਤੇ ਕੱਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿੱਥੇ ਸਥਾਨਕ ਰਜਿੰਦਰਾ ਕਾਲਜ਼ ’ਚ ਅਜਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾ ਰਹੇ ਸਨ, ਉਥੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਕਾਲਜ਼ ਦੇ ਸਾਹਮਣੇ ਸਰਕਟ ਹਾਊਸ ’ਚ ਵਿਤ ਮੰਤਰੀ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਵਿਰੁਧ ਗੰਭੀਰ ਦੋਸ਼ ਲਗਾ ਰਹੇ ਸਨ। ਇਸਤੋਂ ਪਹਿਲਾਂ ਵੀ ਸ਼੍ਰੀ ਲਾਡੀ ਹਲਕੇ ਦੇ ਦਰਜ਼ਨਾਂ ਸਰਪੰਚਾਂ ਤੇ ਪੰਚਾਂ ਨੂੰ ਨਾਲ ਲੈ ਕੇ ਵਿਤ ਮੰਤਰੀ ਵਿਰੁਧ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਅੱਗੇ ਧਰਨਾ ਲਗਾ ਚੁੱਕੇ ਹਨ। ਪ੍ਰੰਤੂ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਵਿਤ ਮੰਤਰੀ ਸ: ਬਾਦਲ ਇਸ ਮਾਮਲੇ ਵਿਚ ਚੁੱਪ ਰਹਿ ਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਵਿਚ ਹਨ। ਪੱਤਰਕਾਰ ਵਾਰਤਾ ਦੌਰਾਨ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਅਪਣੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਹਿਤ ਡੀਜੀਪੀ ਦਿਨਕਰ ਗੁਪਤਾ ਤੇ ਐਸ.ਟੀ.ਐਫ਼ ਨੂੰ ਭੇਜੇ ਪੱਤਰਾਂ ਦੀ ਕਾਪੀ ਦਿਖਾਉਂਦਿਆਂ ਥਾਣਾ ਸੰਗਤ ਦੇ ਮੁਖੀ ਉਪਰ ਹਲਕੇ ’ਚ ਨਸ਼ੇ ਵਿਕਵਾਉਣ ਦੇ ਦੋਸ਼ ਲਗਾਏ। ਉਨ੍ਹਾਂ ਤੁਰੰਤ ਪੜਤਾਲ ਕਰਕੇ ਥਾਣਾ ਮੁਖੀ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ ’ਤੇ ਟਿੱਪਣੀ ਲੈਣ ਲਈ ਮਨਪ੍ਰੀਤ ਸਿੰਘ ਬਾਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਫੋਨ ਨਹੀਂ ਉਠਾਇਆ। ਪ੍ਰੰਤੂ ਥਾਣਾ ਮੁਖੀ ਗੌਰਵਬੰਸ ਸਿੰਘ ਨੇ ਖੁਦ ਨੂੰ ਪਵਿੱਤਰ ਕਰਾਰ ਦਿੰਦਿਆਂ ਉਚ ਪੱਧਰੀ ਪੜਤਾਲ ਦਾ ਸਵਾਗਤ ਕੀਤਾ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਵਿਤ ਮੰਤਰੀ ਵਲੋਂ ਥਾਣਾ ਮੁਖੀ ਨੂੰ ਅਜਾਦੀ ਦਿਹਾੜੇ ਮੌਕੇ ਵਿਸੇਸ ਤੌਰ ’ਤੇ ਸਨਮਾਨਿਤ ਵੀ ਕੀਤਾ ਸੀ।
ਕਾਂਗਰਸ ਦੇ ਹਲਕਾ ਇੰਚਾਰਜ਼ ਨੇ ਥਾਣਾ ਮੁਖੀ ’ਤੇ ਲਗਾਏ ਨਸ਼ਾ ਵਿਕਵਾਉਣ ਦੇ ਦੋਸ਼
20 Views