ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਸੂਬੇ ਦੀ ਕਾਂਗਰਸ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਕਦਮ ਚੁੱਕੇ ਹਨ ਤੇ ਕਿਸਾਨਾਂ/ਮਜਦੂਰਾਂ ਦੇ ਮੁਆਫ਼ ਕੀਤੇ ਗਏ ਕਰਜੇ ਨੇ ਸੂਬੇ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਇਹ ਦਾਅਵਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਤਲਵੰਡੀ ਸਾਬੋ ਦੇ ਸੇਵਾਦਾਰ ਖ਼ੁਸਬਾਜ਼ ਸਿੰਘ ਜਟਾਣਾ ਨੇ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਹਲਕੇ ’ਚ ਹਰ ਵਰਗ ਦੇ ਮਿਲ ਰਹੇ ਸਮਰਥਨ ’ਤੇ ਖ਼ੁਸੀ ਜਾਹਰ ਕਰਜਦਿਆਂ ਕਿਹਾ ਕਿ ਤਲਵੰਡੀ ਸਾਬੋ ਦੇ ਵਿਕਾਸ ਲਈ ਵੀ ਵੱਡੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ, ਜਿਸਦੇ ਨਾਲ ਹਲਕੇ ਦੀ ਨੁਹਾਰ ਬਦਲੀ ਹੈ। ਇਸੇ ਤਰ੍ਹਾਂ ਕਰਜ਼ਾ ਮੁਆਫ਼ੀ ਸਕੀਮ ਕਾਰਨ ਕਿਸਾਨ-ਮਜਦੂਰ ਤਰੱਕੀ ਦੀ ਰਾਹ ਵੱਲ ਵਧੇ ਹਨ ਤੇ ਖੁਦਕੁਸ਼ੀਆਂ ਦਾ ਰਾਹ ਘਟਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਘਰ ਘਰ ਨੌਕਰੀ ਦੀ ਮੁਹਿੰਮ ਨੇ ਬੇਰੁਜਗਾਰੀ ਨੂੰ ਵੀ ਠੱਲ੍ਹ ਪਾਈ ਹੈ, ਪੈਨਸ਼ਨ/ ਸ਼ਗਨ ਸਕੀਮ ਦੁੱਗਣੀਆਂ ਕਰ ਕੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਨਿਵਾਸੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਕਤ ਬਖਸ਼ੀ ਤਾਂ ਇਸ ਇਲਾਕੇ ਨੂੰ ਹੋਰ ਤਰੱਕੀ ਵੱਲ ਲਿਜਾਇਆ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਵਾਈਸ ਪ੍ਰਧਾਨ ਅਜ਼ੀਜ਼ ਖ਼ਾਨ ,ਚਿੰਟੂ ਜਿੰਦਲ ,ਨਵਦੀਪ ਗੋਲਡੀ ਤੇ ਕੌਂਸਲਰ ਆਦਿ ਹਾਜ਼ਰ ਸਨ।