ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਥਾਨਕ ਅਨਾਜ ਮੰਡੀ ਦਾ ਕੀਤਾ ਦੌਰਾ
ਅੱਜ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 91 ਲੱਖ ਮੀਟਰਕ ਟਨ ਝੋਨੇ ਦੀ ਹੋਈ ਆਮਦ
ਕਿਹਾ, ਪੰਜਾਬ ’ਚ ਪਹਿਲੀ ਵਾਰ ਕਿਸਾਨਾਂ ਦੀ ਫਸਲ ਦੀ ਤੁਰੰਤ ਅਦਾਇਗੀ ਬਣਾਈ ਜਾ ਰਹੀ ਹੈ ਯਕੀਨੀ
ਹੁਣ ਤੱਕ ਕਰੀਬ 15000 ਹਜ਼ਾਰ ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਤੀਬਾੜੀ ਨੂੰ ਲੈ ਕੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ। ਇਸ ਮੌਕੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਸ੍ਰੀ ਰਾਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਆਪ ਸ੍ਰੀ ਅਮਨਦੀਪ ਰਾਜਨ ਅਤੇ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਦਰਸਨ ਸਿੰਘ ਜਗ੍ਹਾ ਰਾਮਤੀਰਥ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਸਦਕਾ ਸੂਬੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਕਿਸਾਨਾਂ ਆਦਿ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮੀਡੀਆ ਕਰਮੀਆਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅੱਜ ਤੱਕ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ 91 ਲੱਖ ਮੀਟਰਕ ਟਨ ਝੋਨੇ ਦੀ ਹੋਈ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਕਰੀਬ 89 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਪੱਤਰਕਾਰਾਂ ਦੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਤੱਕ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਕਰੀਬ 15000 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਿਕ ਕੰਮ ਹੋ ਰਿਹਾ ਹੈ ਕਿ ਕਿਸਾਨ ਦੁਪਹਿਰ ਦੇ 12 ਵਜੇ ਤੱਕ ਆਪਣੀ ਫ਼ਸਲ ਵੇਚ ਕੇ ਜਾ ਰਿਹਾ ਹੈ ਕਿ ਅਤੇ ਸੂਬਾ ਸਰਕਾਰ ਵੱਲੋਂ ਉਸੇ ਦਿਨ ਹੀ ਸ਼ਾਮ ਦੇ 4 ਵਜੇ ਤੱਕ (ਸਿਰਫ਼ ਚਾਰ ਘੰਟਿਆਂ ਵਿੱਚ) ਝੋਨੇ ਦੀ ਫ਼ਸਲ ਦੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜੋ ਕਿਸਾਨ ਆਪਣੀ ਝੋਨੇ ਦੀ ਫ਼ਸਲ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮੰਡੀਆਂ ਵਿੱਚ ਲੈ ਕੇ ਆਏ ਸਨ, ਉਨ੍ਹਾਂ ਦੀ ਫ਼ਸਲ ਵੀ ਸੂਬਾ ਸਰਕਾਰ ਵੱਲੋਂ ਤੁਰੰਤ ਖਰੀਦ ਕੀਤੀ ਗਈ ਅਤੇ ਫ਼ਸਲ ਵੇਚਣ ਉਪਰੰਤ ਕਿਸਾਨਾਂ ਵੱਲੋਂ ਦੀਵਾਲੀ ਦਾ ਤਿਉਹਾਰ ਆਪਣੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਮਨਾਇਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਦਾਣਾ ਮੰਡੀ ਵਿੱਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਵੱਲੋਂ ਹੱਥੋ-ਹੱਥ ਖਰੀਦੀ ਜਾ ਰਹੀ ਝੋਨੇ ਦੀ ਫ਼ਸਲ ਅਤੇ ਲੋੜੀਂਦੇ ਪ੍ਰਬੰਧਾਂ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਵਰਗ ਜਿਨ੍ਹਾਂ ’ਚ ਸ਼ੈਲਰ ਮਾਲਕ, ਆੜਤੀ, ਮਜਦੂਰ, ਟਰਾਂਸਪੋਰਟਰ ਆਦਿ ਵੀ ਸਾਮਲ ਹਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਸਿਰਫ 7 ਮਹੀਨਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਫਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਪੱਕੀਆਂ ਭਰਤੀਆਂ, ਹਰ ਵਰਗ ਦੇ ਪਰਿਵਾਰਾਂ ਨੂੰ 600 ਯੂਨਿਟ ਮੁਫਤ ਬਿਜਲੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲੈ ਕੇ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਅਹਿਮ ਕਦਮ ਪੁੱਟੇ ਹਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਸਮੂਹ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਝੋਨੇ ਦੀ ਚੰਗੀ ਤਰ੍ਹਾਂ ਪੱਕੀ ਫਸਲ ਦੀ ਹੀ ਵਾਢੀ ਕੀਤੀ ਜਾਵੇ ਤਾਂ ਜੋ ਇਸ ’ਚ ਨਮੀਂ ਦੀ ਮਾਤਰਾ ਜਿਆਦਾ ਨਾ ਹੋਵੇ ਤੇ ਖਰੀਦ ਏਜੰਸੀਆਂ ਵੱਲੋਂ ਇਸਨੂੰ ਬਿਨਾਂ ਕਿਸੇ ਦੇਰੀ ਤੋਂ ਖਰੀਦਿਆ ਜਾ ਸਕੇ। ਇਸ ਮੌਕੇ ਫ਼ੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਕਾਹਲੋ, ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ, ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਗੁਰਵਿੰਦਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜ਼ਰ ਮਨਦੀਪ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
Share the post "ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ : ਲਾਲ ਚੰਦ ਕਟਾਰੂਚੱਕ"