ਕਿਸਾਨ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵਿਚ ਹੋਈ ਮੀਟਿੰਗ ਰਹੀ ਬੇਸਿੱਟਾ

0
22

ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਮਸਲਾ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਨਰਮੇ ਅਤੇ ਹੋਰ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ 9 ਦਿਨਾਂ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਡਟੇ ਕਿਸਾਨਾਂ ਦੇ ਆਗੂਆਂ ਨਾਲ ਅੱਜ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਬੇਸਿੱਟਾ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜ ਜ਼ਿਲ੍ਹਿਆਂ ਵਲੋਂ ਵਿੱਢੇ ਇਸ ਮੋਰਚੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਅੱਜ ਚੰਡੀਗੜ੍ਹ ਗੱਲਬਾਤ ਲਈ ਬੁਲਾਇਆ ਹੋਇਆ ਸੀ। ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਗੁਰਪਾਸ਼ ਸਿੰਘ ਸਿੰਘੇਵਾਲਾਅਤੇ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ, ਵਿੱਤ ਕਮਿਸਨਰ ਮਾਲ, ਵਿੱਤ ਸਕੱਤਰ ਵਿਕਾਸ ਅਤੇ ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਫਸਰ ਸ਼ਾਮਲ ਸਨ। ਕਿਸਾਨ ਆਗੂਆਂ ਨੇ ਮੀਟਿੰਗ ਬਾਰੇ ਵੇਰਵੇਂ ਜਾਰੀ ਕਰਦਿਆਂ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਕਿਸਾਨੀਂ ਮੁੱਦੇ ਪ੍ਰਤੀ ਗੰਭੀਰਤਾ ਨਹੀਂ ਦਿਖ਼ਾਈ। ਉਨ੍ਹਾਂ ਦਸਿਆ ਕਿ ਉਹ ਨਰਮੇ ਦੇ ਮੁਆਵਜ਼ੇ ਵਜੋਂ 60 ਹਜ਼ਾਰ ਤੇ ਮਜਦੂਰ ਪ੍ਰਵਾਰ ਲਈ 30 ਹਜ਼ਾਰ ਦੀ ਮੰਗ ਕਰ ਰਹੇ ਸਨ ਪ੍ਰੰਤੂ ਸਰਕਾਰੀ ਅਧਿਕਾਰੀ 12 ਹਜ਼ਾਰ ’ਤੇ ਅੜੇ ਰਹੇ। ਜਿਸਤੋਂ ਬਾਅਦ ਕਿਸਾਨਾਂ ਨੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੱਤਾ। ਉਧਰ ਵਿਤ ਮੰਤਰੀ ਦੀ ਰਿਹਾਇਸ਼ ਅੱਗੇ ਚੱਲ ਰਹੇ ਮੋਰਚੇ ਨੂੰ ਅੱਜ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ,ਸੂਬਾ ਆਗੂ ਹਰਿੰਦਰ ਬਿੰਦੂ ,ਪਰਮਜੀਤ ਕੌਰ ਪਿੱਥੋ , ਪੂਰਨ ਸਿੰਘ ਦੋਦਾ, ਕੁਲਵੰਤ ਸਰਮਾ, ਹਰਿੰਦਰ ਬਿੰਦੂ , ਜੁਗਦੇਵ ਸਿੰਘ ਜੋਗੇਵਾਲਾ, ਗੁਰਪਾਲ ਸਿੰਘ ਦਿਉਣ ਅਤੇ ਜਸਪਾਲ ਸਿੰਘ ਕੋਠਾਗੁਰੂ ਨੇ ਵੀ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here