ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦੇਣ ਤੋਂ ਬਾਅਦ ਸ਼ਹਿਰ ਵਿਚ ਕੱਢਿਆ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਤੋਂ ਬਾਅਦ ਸ਼ਹਿਰ ਚ ਰੋਸ ਮੁਜ਼ਾਹਰਾ ਕਰਕੇ ਉਲੰਪਿਕ ਖੇਡਾਂ ਚ ਸੋਨ ਤਮਗਾ ਤੱਕ ਹਾਸਲ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਦਾ ਪੁਤਲਾ ਸਾੜਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ , ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਨੇ ਪਿਛਲੇ 20-21 ਦਿੱਨਾਂ ਤੋਂ ਦਿੱਲੀ ਜੰਤਰ ਮੰਤਰ ਵਿਖੇ ਚੱਲ ਰਹੇ ਪਹਿਲਵਾਨ ਕੁੜੀਆਂ-ਮੁੰਡਿਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਆਮ ਤੌਰ ਤੇ ਔਰਤਾਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਤੇ ਸਮਾਜਕ ਵਰਤਾਰੇ ਤੋਂ ਅੱਗੇ ਵਧਦਿਆਂ ਇਨਸਾਫ਼ ਲਈ ਇਹਨਾਂ ਖਿਡਾਰੀਆਂ ਵੱਲੋਂ ਅਪਣਾਇਆ ਸੰਘਰਸ਼ ਦਾ ਰਸਤਾ ਇੱਕ ਦਲੇਰਾਨਾ ਕਦਮ ਹੈ। ਉਨ੍ਹਾਂ ਦੋਸ ਲਗਾਇਆ ਕਿ ਕੇਂਦਰ ਸਰਕਾਰ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਪੀੜਤ ਕੁੜੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਹਿਲਵਾਨ ਖਿਡਾਰੀਆਂ ਦੀ ਜੰਤਰ ਮੰਤਰ ਤੇ ਲਾਇਟ ਬੰਦ ਕਰ ਦਿੱਤੀ ਗਈ ਲੰਗਰ ਰੋਕ ਦਿੱਤਾ , ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੀ ਹਮਾਇਤ ਤੇ ਆਉਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੁਲਮਾਂ ਨੂੰ ਰੋਕਣ ਲਈ ਸੰਘਰਸ਼ ਹੀ ਲੋਕ ਰਾਹ ਹੈ ਜਿਸਦੇ ਚੱਲਦੇ ਇਨਸਾਫ਼ ਲਈ ਚੱਲ ਰਹੇ ਦਿੱਲੀ ਮੋਰਚੇ ਨੂੰ ਪੂਰੇ ਦੇਸ਼ ਦੇ ਇਨਸਾਫ ਪਸੰਦ ਅਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਕਿਸਾਨ ਆਗੂਆਂ ਨੇ ਉਹਨਾਂ ਦੀ ਹਮਾਇਤ ਤੇ ਗਈਆਂ ਪੰਜਾਬ ਦੀਆਂ ਔਰਤਾਂ ਨੂੰ ਬੰਗਲਾ ਸਾਹਿਬ ਗੁਰਦਵਾਰੇ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਠਹਿਰਨ ਦੇ ਜਵਾਬ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਬਸੰਤ ਸਿੰਘ ਕੋਠਾ ਗੁਰੂ , ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇ ਵਾਲਾ, ਸੁਖਦੇਵ ਸਿੰਘ ਰਾਮਪੁਰਾ , ਅਮਰੀਕ ਸਿੰਘ ਸਿਵੀਆ, ਕੁਲਵੰਤ ਸਰਮਾ ਰਾਇਕੇ ਕਲਾਂ , ਜਸਪਾਲ ਸਿੰਘ ਕੋਠਾ ਗੁਰੂ, ਰਾਜਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਚੱਠੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਆਗੂ ਮਨਪ੍ਰੀਤ ਕੌਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਸੰਦੀਪ ਖਾਨ ਨੇ ਵੀ ਸੰਬੋਧਨ ਕੀਤਾ। ਹਰਬੰਸ ਸਿੰਘ ਰਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।
Share the post "ਕਿਸਾਨ ਜਥੇਬੰਦੀ ਉਗਰਾਹਾ ਨੇ ਬਠਿੰਡਾ ’ਚ ਫ਼ੂਕਿਆ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਪੁਤਲਾ"