ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜਰ ਜਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਇਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲੇ ਅੰਦਰ ਮੁੜ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇੰਨ੍ਹਾਂ ਪਾਬੰਦੀਆਂ ਮੁਤਾਬਕ ਜਨਤਕ ਸਥਾਨਾਂ ਅਤੇ ਕੰਮ ਦੀਆਂ ਥਾਂਵਾਂ ’ਤੇ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ ਅਤੇ ਨਾਲ ਹੀ 6 ਫੁੱਟ ਦੀ ਸਮਾਜਿਕ ਦੂਰੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇੰਨਾਂ ਹੁਕਮਾਂ ਅਨੁਸਾਰ ਗੈਰ-ਜਰੂਰੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰੋਕ ਰਹੇਗੀ। ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੌਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰਾਂ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ।ਇਸੇ ਤਰਾਂ ਸਕੂਲ, ਕਾਲਜ, ਯੁਨੀਵਰਸਿਟੀਆਂ ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ, ਜਦ ਕਿ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਉਧਰ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਰਾਸ਼ਟਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਬਿਨਾਂ ਹੋਰ ਸਭ ਲਈ ਸਪੋਰਟਸ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ। ਦਰਸ਼ਕਾਂ ਤੇ ਵੀ ਰੋਕ ਰਹੇਗੀ। ਏ. ਸੀ ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ। ਸਰਕਾਰੀ ਪ੍ਰਾਈਵੇਟ ਦਫਤਰਾਂ, ਉਦਯੋਗਾਂ, ਕੰਮਕਾਜੀ ਥਾਂਵਾਂ ਤੇ ਪੂਰੀ ਤਰਾਂ ਵੈਕਸੀਨੇਟਡ ਸਟਾਫ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਬਾਕਸ
ਇੱਕ ਦਿਨ ’ਚ 33 ਕੇਸ ਮਿਲੇ
ਬਠਿੰਡਾ: ਉਧਰ ਜ਼ਿਲੇ ਅੰਦਰ ਕਰੋਨਾ ਦਾ ਪ੍ਰਕੋਪ ਮੁੜ ਵਧਣ ਲੱਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 33 ਨਵੇਂ ਕੇਸ ਸਾਹਮਣੇ ਆਏ ਹਨ, ਜਿਸਦੇ ਚੱਲਦੇ ਜ਼ਿਲੇ ਵਿੱਚ ਕੁੱਲ 122 ਕੇਸ ਐਕਟਿਵ ਹੋ ਗਏ ਹਨ। ਕਰੋਨਾ ਦੇ ਡਰ ਕਾਰਨ ਜਿਥੇ ਟੀਕਾਕਰਨ ਵਿਚ ਤੇਜ਼ੀ ਆਈ ਹੈ, ਉਥੇ ਕਰੋਨਾ ਟੈਸਟਿੰਗ ਵੀ ਵਧਣ ਲੱਗੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਕੁੱਲ 612100 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ, ਜਿਨਾਂ ਚੋਂ 41942 ਪਾਜੀਟਿਵ ਕੇਸ ਆਏ, ਜਿਸ ਚੋਂ 40771 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਪ੍ਰੰਤੂ 1049 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਕੋਵਿਡ ਦੇ ਵਧਦੇ ਕਹਿਰ ਦੇ ਚੱਲਦਿਆਂ ਜ਼ਿਲੇ ਵਿਚ ਮੁੜ ਪਾਬੰਦੀਆਂ ਲਾਗੂ
12 Views