ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਉੱਘੇ ਹਿੰਦੀ ਅਤੇ ਉਰਦੂ ਦੇ ਨਾਵਲਕਾਰ ਮੁਨਸ਼ੀ ਪ੍ਰੇਮਚੰਦ ਦੀ ਯਾਦ ਵਿੱਚ ਸਾਹਿਤਕ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਕਾਰਜਕਾਰੀ ਉੱਪ ਕੁਲਪਤੀ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਮੁਨਸ਼ੀ ਪ੍ਰੇਮਚੰਦ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਰਚਨਾਵਾਂ ਲਿਖੀਆਂ ਹਨ। ਉਨ੍ਹਾਂ ਮੁਨਸ਼ੀ ਪ੍ਰੇਮਚੰਦ ਨੂੰ ਭਾਰਤੀ ਹਿੰਦੀ ਸਾਹਿਤ ਦਾ ਚੋਟੀ ਦਾ ਕਹਾਣੀਕਾਰ ਅਤੇ ਨਾਵਲ ਸਮਰਾਟ ਦੱਸਦੇ ਹੋਏ ਉਨ੍ਹਾਂ ਦੇ ਨਾਵਲ ‘ਗੋਦਾਨ’ ਅਤੇ ਕਹਾਣੀ ‘ਨਮਕ ਦਾ ਦਰੋਗਾ’ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਹਾਣੀ ਮਨੁੱਖੀ ਚੇਤਨਤਾ ਨੂੰ ਝੰਜੋੜਦੀ ਹੈ। ਡਾ. ਗਿਆਨੀ ਦੇਵੀ ਨੇ ਸਵਾਗਤੀ ਭਾਸ਼ਣ ਅਤੇ ਪਤਵੰਤਿਆਂ ਦੀ ਜਾਣ ਪਹਿਚਾਣ ਕਰਵਾਈ। ਦੁਬਈ ਤੋਂ ਡਾ. ਆਰਤੀ ਲੋਕੇਸ਼ ਨੇ ਪ੍ਰੋਗਰਾਮ ਦੀ ਮਹੱਤਤਾ ਅਤੇ ਸਾਰਥਕਤਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਭੂਮਿਕਾ ਨਿਭਾਈ। ਪੋ੍ਰ. ਉਦੈ ਪ੍ਰਤਾਪ ਸਿੰਘ ਸਾਬਕਾ ਪ੍ਰਧਾਨ ਹਿੰਦੁਸਤਾਨ ਅਕਾਦਮੀ ਨੇ ਕਿਹਾ ਕਿ ਤਲਵੰਡੀ ਸਾਬੋ ਵਰਗੇ ਪੇਂਡੂ ਖੇਤਰ ਵਿੱਚ ਮੁਨਸ਼ੀ ਪ੍ਰੇਮਚੰਦ ਨੂੰ ਯਾਦ ਕਰਨਾ ਇੱਕ ਸ਼ੁੱਭ ਸਾਹਿਤਕ ਸੰਕੇਤ ਹੈ। ਪ੍ਰੋ. ਅਨੁਰਾਗ ਕੁਮਾਰ ਮਹਾਤਮਾ ਗਾਂਧੀ ਕਾਸ਼ੀ ਵਿਦਿਆਪੀਠ ਵਾਰਾਣਸੀ ਨੇ ਆਪਣੇ ਵਿਚਾਰ ਰੱਖਦੇ ਹੋਏ ਮੁਨਸ਼ੀ ਪ੍ਰੇਮਚੰਦ ਦੀਆਂ ਚਿੱਠੀਆਂ ਵਿੱਚ ਗੰਭੀਰ ਸਾਹਿਤ ਸਿਰਜਣਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁਮਾਰ ਵਰਿੰਦਰ ਨੇ ਮੁਨਸ਼ੀ ਪ੍ਰੇਮਚੰਦ ਦੀ ਗਲਪ ਸ਼ੈਲੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਸਾਹਿਤ ਰਾਹੀਂ ਮਨੁੱਖਤਾ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹੋਏ ਸਨ। ਵਿਭਾਗ ਮੁੱਖੀ ਡਾ. ਗੁਰਪ੍ਰੀਤ ਕੌਰ ਵਿਰਕ ਨੇ ਮੁਨਸ਼ੀ ਪ੍ਰੇਮਚੰਦ ਦੀ ਹਿੰਦੀ ਸਾਹਿਤ ਨੂੰ ਦੇਣ ਅਤੇ ਵਿਸ਼ਵ ਸਾਹਿਤ ਵਿੱਚ ਉਨ੍ਹਾਂ ਦੇ ਸਥਾਨ ਤੇ ਸਾਹਿਤ ਦੀ ਸਾਰਥਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦਾ ਸੰਚਾਲਨ ਡਾ.ਰਾਕੇਸ਼ ਕੁਮਾਰ ਸਿੰਘ ਤੇ ਡਾ. ਸੁਨੀਤਾ ਗੁਰੰਗ ਨੇ ਬਾਖੂਬੀ ਕੀਤਾ ਤੇ ਧੰਨਵਾਦੀ ਸ਼ਬਦ ਕਹੇ। ਇਸ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ 300 ਦੇ ਕਰੀਬ ਸਰੋਤੇ ਤੇ ਹਿੰਦੀ ਸਾਹਿਤ ਪ੍ਰੇਮੀਆਂ ਨੇ ਆਨ ਲਾਈਨ ਵਿਧੀਂ ਰਾਹੀਂ ਭਾਗ ਲਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਘੇ ਨਾਵਲਕਾਰ ਮੁਨਸ਼ੀ ਪ੍ਰੇਮਚੰਦ ਦੀ ਯਾਦ ਵਿੱਚ ਸਾਹਿਤਕ ਗੋਸ਼ਠੀ ਆਯੋਜਿਤ"