ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤਣ ਤੋਂ ਇਕ ਦਿਨ ਬਾਅਦ ਅੱਜ ਇੱਥੇ ਵੱਖ-ਵੱਖ ਗੁਰਦੁਆਰਿਆਂ ਵਿਚ ਨਤਮਸਤਕ ਹੁੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਵਧਾਈ ਦਿੱਤੀ।ਵਿੱਤ ਮੰਤਰੀ ਨੇ ਆਸ ਪ੍ਰਗਟਾਈ ਕਿ ਪਹਿਲੇ ਸਿੱਖ ਗੁਰੂ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਲਈ ਵਿਵੇਕ, ਖੁਸ਼ੀਆਂ ਅਤੇ ਸਮਰੱਥਾ ਲੈ ਕੇ ਆਵੇ। ਉਨਾਂ ਬੱਲਾ ਰਾਮ ਨਗਰ, ਮਾਤਾ ਜੀ.ਵੀ.ਨਗਰ, ਬੀਬੀਵਾਲਾ ਰੋਡ, ਗੁਰੂ ਤੇਗ ਬਹਾਦਰ ਨਗਰ ਅਤੇ ਮੁਲਤਾਨੀਆਂ ਰੋਡ ਸਥਿਤ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ।ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਬੜਾ ਭਾਵਪੂਰਨ ਤੇ ਅਨੰਦਮਈ ਅਨੁਭਵ ਦੱਸਿਆ। ਆਪਣੀ ਇਸ ਸ਼ਰਧਾਪੂਰਨ ਫੇਰੀ ਨੂੰ “ ਲਾ- ਬਿਆਨ,” ਦੱਸਦਿਆਂ ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਖਤ ਮਿਹਨਤ ਅਤੇ ਨਿਰਸਵਾਰਥ ਕਿਰਤ ਦੀ ਮਹੱਤਤਾ ਬਾਰੇ ਸਮਝਾਉਣ ਲਈ ਹੀ ਇਸ ਸਥਾਨ ਦੀ ਸਥਾਪਨਾ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਇਸ ਪੜਾਅ ਵਿੱਚ ਇੱਕ ਕਿਸਾਨ ਵਜੋਂ ਕੰਮ ਕੀਤਾ ਅਤੇ ਆਪਣੀ ਮਿਹਨਤ ਦੇ ਫਲ ਨੂੰ ਵੰਡਕੇ ਛਕਣ ਦਾ ਫਲਸਫਾ ਸਮਝਾਕੇ ਖੇਤੀ ਨੂੰ ਨਵੇਂ ਅਰਥ ਦਿੱਤੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਕਿਰਤ ਕਰਨਾ ਅਤੇ ਵੰਡ ਛਕਣਾ (ਮਿਹਨਤ ਅਤੇ ਵੰਡ) ਦੇ ਸੰਕਲਪ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਵਿਵਾਦਤ ਖੇਤੀ ਬਿੱਲ ਵਾਪਸ ਲੈਣ ਦੇ ਫੈਸਲੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਕਿਸਾਨਾਂ ਅਤੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਨਾਲ ਪਹਿਲਾਂ ਹੀ ਸਲਾਹ-ਮਸ਼ਵਰਾ ਕੀਤੀ ਜਾਂਦੀ ਤਾਂ ਇਹ ਹਾਲਾਤ ਪੈਦਾ ਹੀ ਨਹੀਂ ਹੋਣੇ ਸੀ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਵਲੋਂ ਲਗਾਤਾਰ ਪਿਛਲੇ ਇੱਕ ਸਾਲ ਤੋਂ ਬਣਾਏ ਗਏ ਦਬਾਅ ਤੋਂ ਬਾਅਦ ਹੀ ਕੇਂਦਰ ਸਰਕਾਰ ਪਿੱਛੇ ਹਟੀ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਦੀ ਸਮੂਹ ਲੀਡਰਸ਼ਿਪ ਹਾਜ਼ਰ ਰਹੀ।
ਗੁਰੂ ਨਾਨਕ ਨੇ ਕਰਤਾਰਪੁਰ ਵਿਖੇ ਖੇਤੀ ਨੂੰ ਨਵੇਂ ਅਰਥ ਦਿੱਤੇ : ਵਿੱਤ ਮੰਤਰੀ
12 Views