20 Views
ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ: ਸੂਬੇ ਦੀਆਂ ਵੱਡੀਆਂ ਸਬਜ਼ੀ ਮੰਡੀਆਂ ਵਿੱਚੋਂ ਇੱਕ ਮੰਨੀ ਜਾਂਦੀ ਬਠਿੰਡਾ ਦੀ ਸਬਜ਼ੀ ਮੰਡੀ ਮੁੜ “ਗੁੰਡਾਟੈਕਸ ਤੇ ਗੁੰਡਾਗਰਦੀ” ਨੂੰ ਲੈ ਕੇ ਚਰਚਾ ਵਿੱਚ ਹੈ। ਆਪ ਦੀ ਸਰਕਾਰ ਦੌਰਾਨ ਗਰੀਬਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਵਿਰੁੱਧ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਸੈਂਕੜੇ ਹੱਥ ਫੜੀ ਰੇਹੜੀ ਯੂਨੀਅਨ ਵਾਲਿਆਂ ਨੇ ਸੋਮਵਾਰ ਦੀ ਸਵੇਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਦੇ ਕਾਰਨ ਜਿੱਥੇ ਆਮ ਸ਼ਹਿਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਮੰਡੀਆਂ ਵਿਚੋਂ ਅੱਗੇ ਰਿਟੇਲ ਵਿਕਰੇਤਾਵਾਂ ਦੁਆਰਾ ਸਬਜ਼ੀ ਨਾ ਚੁੱਕਣ ਕਾਰਨ ਥੋਕ ਵਿਕਰੇਤਾਵਾਂ ਨੂੰ ਵੀ ਔਖਾ ਹੋ ਗਿਆ ਹੈ।
Breking News: ਮਨਪ੍ਰੀਤ ਪਲਾਟ ਮਾਮਲੇ ‘ਚ ਇਕ ਹੋਰ ਗ੍ਰਿਫ਼ਤਾਰ, ਵਿਜੀਲੈਂਸ ਟੀਮਾਂ ਮਨਪ੍ਰੀਤ ਬਾਦਲ ਦੇ ਵੀ ਨੇੜੇ ਪੁੱਜੀਆਂ
ਦੱਸਣਾ ਬਣਦਾ ਹੈ ਕਿ ਪਿਛਲੀ ਸਰਕਾਰ ਦੌਰਾਨ ਚਰਚਾ ਵਿੱਚ ਰਹੇ ਇਕ ਵਿਅਕਤੀ ਉਪਰ ਇੰਨਾਂ ਗਰੀਬ ਫੜੀ ਰੇਹੜੀ ਯੂਨੀਅਨ ਵਾਲਿਆਂ ਨੇ ਇਕ ਗਰੀਬ ਸਬਜ਼ੀ ਵਿਕਰੇਤਾ ਦੇ ਫੜ ਉਪਰ ਕਬਜ਼ਾ ਕਰਨ ਤੇ ਘਰੇਂ ਜਾ ਕੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ ਪੀੜਤ ਰਮੇਸ਼ ਕੁਮਾਰ ਨਾਂ ਦੇ ਸਬਜ਼ੀ ਵਿਕਰੇਤਾ ਦੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਕੁੱਟਮਾਰ ਦੀ ਵੀਡੀਓ ਦੇਣ ਦੇ ਬਾਵਜੂਦ ਪੁਲਿਸ ਵੀ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਦਿਖਾਈ ਦੇ ਰਹੀ ਹੈ। ਜਿਸਦੇ ਚੱਲਦੇ ਹੁਣ ਇਹ ਮਾਮਲਾ ਹੋਰ ਭਖ ਸਕਦਾ ਹੈ।ਹਾਲਾਂਕਿ ਥਾਣਾ ਕੋਤਵਾਲੀ ਦੇ ਐਸ ਐਚ ਓ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।
ਉਧਰ ਪਹੁ ਫੁਟਾਲੇ ਤੋਂ ਹੀ ਸਬਜ਼ੀ ਮੰਡੀ ਵਿੱਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਹੱਥ ਫੜੀ ਰੇਹੜੀ ਯੂਨੀਅਨ ਦੇ ਪ੍ਰਧਾਨ ਰਾਜਦੀਪ ਰਾਜੂ ਨੇ ਦਸਿਆ ਕਿ ਪਿਛਲੇ ਦਿਨਾਂ ਦੌਰਾਨ ਸਬਜ਼ੀ ਮੰਡੀ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਪ੍ਰੰਤੁ ਕੁੱਝ ਲੋਕਾਂ ਵਲੋਂ ਕਥਿਤ ਤੌਰ ਤੇ ਗਰੀਬ ਰੇਹੜੀ ਚਾਲਕਾਂ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇ ਹੀ ਇਕ ਮਾਮਲੇ ਵਿਚ ਗ਼ਰੀਬ ਰੇਹੜੀ ਚਾਲਕ ਵੱਲੋਂ ਪੈਸੇ ਨਾ ਦੇਣ ‘ਤੇ ਉਸਦੀ ਦਾਣਾ ਮੰਡੀ ਨਜ਼ਦੀਕ ਕਿਰਾਏ ਦੀ ਰਿਹਾਇਸ਼ ਉਪਰ ਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਬੀਤੇ ਕੱਲ੍ਹ ਉਹ ਲੋਕ ਮੁੜ ਰਮੇਸ਼ ਕੁਮਾਰ ਨੂੰ ਮੰਡੀ ਵਿੱਚ ਕੁੱਟ ਗਏ। ਜਿਸਦੇ ਚੱਲਦੇ ਹੁਣ ਸਮੂਹ ਫੜੀ ਰੇਹੜੀ ਵਾਲਿਆਂ ਵਲੋਂ ਆਪਣੇ ਸਾਥੀ ਨੂੰ ਇਨਸਾਫ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਮੰਡੀ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।