ਅਦਾਲਤ ਵਲੋਂ ਜੂਡੀਸ਼ੀਅਲ ਜਾਂਚ ਸ਼ੁਰੂ, ਐਸ.ਐਸ.ਪੀ ਵਲੋਂ ਥਾਣਾ ਮੁਖੀ ਸਹਿਤ ਚਾਰ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਚਾਰ ਦਿਨ ਪਹਿਲਾਂ ਭੁੱਚੋਂ ਮੰਡੀ ਸ਼ਹਿਰ ਦੀ ਕੋਲਡ ਡਰਿੰਕ ਦੀ ਦੁਕਾਨ ’ਚ ਹੋਈ ਚੋਰੀ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਸਥਾਨਕ ਸ਼ਹਿਰ ਦੀ ਅਮਰਪੁਰਾ ਬਸਤੀ ਦੇ ਇੱਕ ਨੌਜਵਾਨ ਦੀ ਬੀਤੀ ਰਾਤ ਥਾਣਾ ਨਥਾਣਾ ਦੀ ਹਵਾਲਾਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਨੌਜਵਾਨ ਨੇ ਫ਼ਾਹਾ ਲੈ ਕੇ ਆਤਮਹੱਤਿਆ ਕੀਤੀ ਹੈ ਪ੍ਰੰਤੂ ਪ੍ਰਵਾਰ ਵਲੋਂ ਪੁਲਿਸ ’ਤੇ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਮਿ੍ਰਤਕ ਨੌਜਵਾਨ ਦੀ ਪਹਿਚਾਣ ਸਿਮਰਜੀਤ ਸਿੰਘ ਉਰਫ਼ ਗੋਲੀ (25) ਪੁੱਤਰ ਦਰਸ਼ਨ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਵਜੋਂ ਹੋਈ ਹੈ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਜ਼ਿਲ੍ਹਾ ਤੇ ਸੈਸਨ ਜੱਜ ਦੇ ਆਦੇਸ਼ਾਂ ’ਤੇ ਘਟਨਾ ਦੀ ਜੂਡੀਸ਼ੀਅਲ ਜਾਂਚ ਸ਼ੁਰੂ ਹੋ ਗਈ ਹੈ ਜਦੋਂਕਿ ਐਸ.ਐਸ.ਪੀ ਅਮਨੀਤ ਕੋਂਡਲ ਨੇ ਥਾਣਾ ਨਥਾਣਾ ’ਚ ਘਟਨਾ ਸਮੇਂ ਡਿਊਟੀ ’ਤੇ ਤੈਨਾਤ ਡਿਊਟੀ ਅਫ਼ਸਰ ਥਾਣੇਦਾਰ ਗੁਰਦੇਵ ਸਿੰਘ ਤੇ ਰਾਤ ਦੇ ਮੁਨਸ਼ੀ ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸਤੋਂ ਇਲਾਵਾ ਉਕਤ ਦੋਨਾਂ ਸਹਿਤ ਥਾਣਾ ਮੁਖੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਸੁਖਵਿੰਦਰ ਸਿੰਘ ਵਿਰੁਧੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੂਚਨਾ ਮੁਤਾਬਕ ਮਿ੍ਰਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁੱਝ ਸਮੇਂ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ 12 ਮਾਰਚ ਨੂੰ ਭੁੱਚੋ ਮੰਡੀ ਦੀ ਕੋਲਡ ਡਰਿੰਗ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਇੱਕ ਲੱਖ ਦੀ ਚੋਰੀ ਹੋ ਗਈ ਸੀ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਜਿਸਤੋਂ ਬਾਅਦ ਨਥਾਣਾ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਨੰਬਰ 35 ਅਧੀਨ ਧਾਰਾ 454 ਅਤੇ 380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ 13 ਮਾਰਚ ਨੂੰ ਚੋਰੀ ਦੇ ਕਥਿਤ ਦੋਸ਼ਾਂ ਹੇਠ ਸਿਮਰਜੀਤ ਸਿੰਘ ਉਰਫ਼ ਗੋਲੀ ਅਤੇ ਉਸਦੇ ਇਕ ਸਾਥੀ ਨੂੰ ਗਿ੍ਰਫਤਾਰ ਕਰ ਲਿਆ ਸੀ। 14 ਮਾਰਚ ਨੂੰ ਦੋਨਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਸੀ ਤੇ ਪੁਛਗਿਛ ਕੀਤੀ ਜਾ ਰਹੀ ਸੀ। ਥਾਣਾ ਮੁਖੀ ਸੁਖਵਿੰਦਰ ਸਿੰਘ ਮੁਤਾਬਕ ਇਸ ਦੌਰਾਨ 15-16 ਦੀ ਦਰਮਿਆਨੀ ਰਾਤ ਨੂੰ ਹਵਾਲਾਤ ਵਿਚੋਂ ਸਿਮਰਜੀਤ ਨੇ ਉਪਰ ਲੈਣ ਵਾਲੀ ਚਾਦਰ ਦਾ ਰੱਸਾ ਬਣਾ ਕੇ ਹਵਾਲਾਤ ਦੇ ਗਾਡਰ ਵਿਚ ਬੰਨਣ ਤੋਂ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸਦੇ ਲਈ ਗਾਡਰ ਵਿਚ ਰੱਸਾ ਬੰਨਣ ਲਈ ਜਗ੍ਹਾਂ ਬਣਾਉਣ ਵਾਸਤੇ ਇੱਕ ਇੱਟ ਵੀ ਕੱਢੀ ਗਈ ਪ੍ਰੰਤੂ ਇਸਦਾ ਪਤਾ ਡਿਊੁਟੀ ’ਤੇ ਤੈਨਾਤ ਮੁਲਾਜਮਾਂ ਨੂੰ ਨਹੀਂ ਲੱਗਿਆ। ਉਧਰ ਮਿ੍ਰਤਕ ਦੀ ਮਾਂ ਲਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਥਾਣੇ ਦੇ ਮੁਲਾਜਮ ਉਸਦੇ ਘਰ ਆਏ ਸਨ ਤੇ ਕਥਿਤ ਤੌਰ ਉਪਰ ਦੋ ਲੱਖ ਰੁਪਏ ਦੀ ਮੰਗ ਕਰ ਰਹੇ ਸਨ ਤੇ ਪੈਸੇ ਨਾ ਦੇਣ ਕਾਰਨ ਉਸਦੇ ਪੁੱਤਰ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮੌਕੇ ਮੌਜੂਦ ਕੋਂਸਲਰ ਮੱਖਣ ਸਿੰਘ ਨੈ ਵੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਚੋਰੀ ਦੇ ਕੇਸ ਵਿਚ ਨਥਾਣਾ ਥਾਣੇ ’ਚ ਬੰਦ ਨੌਜਵਾਨ ਨੇ ਲਿਆ ਫ਼ਾਹਾ
7 Views