ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਾਰਚ: ਛੇਵੇਂ ਪੰਜਾਬ ਵਿੱਤ ਕਮਿਸ਼ਨ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਸਾਲ 2021-22 ਤੋਂ 2025-26 ਤੱਕ ਦੀ ਆਪਣੀ ਰਿਪੋਰਟ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੂੰ ਸੌਂਪ ਦਿੱਤੀ।ਪੰਜਾਬ ਵਿੱਤ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੇ.ਆਰ. ਲਖਨਪਾਲ, ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਪੰਜਾਬ, ਮੈਂਬਰ ਸ੍ਰੀ ਵਜਰਾਲਿੰਗਮ, ਆਈ.ਏ.ਐਸ. (ਸੇਵਾਮੁਕਤ) ਅਤੇ ਡਾ. ਬੀ.ਐਸ. ਘੁੰਮਣ, ਮਾਹਿਰ ਮੈਂਬਰ ਨੇ ਸੰਵਿਧਾਨ ਦੇ ਅਨੁਛੇਦ 243-1(4) ਅਤੇ 243-ਵਾਈ (2) ਦੇ ਅਨੁਸਾਰ ਅਗਲੇਰੀ ਲੋੜੀਂਦੀ ਕਾਰਵਾਈ ਲਈ ਇਹ ਰਿਪੋਰਟ ਪੇਸ਼ ਕੀਤੀ। ਹੁਣ ਰਾਜਪਾਲ ਇਸ ਰਿਪੋਰਟ ਵਿੱਚ ਕਮਿਸ਼ਨ ਵੱਲੋਂ ਕੀਤੀ ਹਰੇਕ ਸਿਫ਼ਾਰਸ਼ ਨੂੰ ਵਿਧਾਨ ਸਭਾ ਅੱਗੇ ਰੱਖਵਾਉਣਗੇ। ਜ਼ਿਕਰਯੋਗ ਹੈ ਕਿ ਮੌਜੂਦਾ ਰਾਜ ਵਿੱਤ ਕਮਿਸ਼ਨ (ਐਸਐਫਸੀ) 6ਵਾਂ ਕਮਿਸ਼ਨ ਹੈ ਜਿਸ ਦਾ ਗਠਨ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਤ ਕਮਿਸ਼ਨ ਪੰਚਾਇਤਾਂ ਤੇ ਮਿਉਂਸਪਲ ਐਕਟ, 1994 ਦੀ ਧਾਰਾ 3(1) ਅਧੀਨ 03.07.2018 ਨੂੰ ਕੀਤਾ ਗਿਆ ਸੀ। ਐਸ.ਐਫ.ਸੀ. ਦੇ ਗਠਨ ਦਾ ਮੁੱਖ ਉਦੇਸ਼ ਸਥਾਨਕ ਸੰਸਥਾਵਾਂ ਦੇ ਕਾਰਜਾਂ ਅਤੇ ਉਹਨਾਂ ਲਈ ਉਪਲਬਧ ਵਿੱਤੀ ਸਰੋਤਾਂ ਵਿਚਲੀ ਮੌਜੂਦਾ ਅਸਥਿਰਤਾ ਨੂੰ ਦੂਰ ਕਰਨਾ ਹੈ। ਇਸ ਲਈ, ਐਸ.ਐਫ.ਸੀ. ਦੀ ਭੂਮਿਕਾ ਸੂਬਾ ਸਰਕਾਰ ਅਤੇ ਸਥਾਨਕ ਸੰਸਥਾਵਾਂ ਵਿਚਕਾਰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤਿਮ ਫੈਸਲਾ ਲੈਣ ਦੀ ਹੈ ਅਤੇ ਇਸ ਦੀ ਭੂਮਿਕਾ ਸੰਵਿਧਾਨ ਦੇ ਅਨੁਛੇਦ 280 ਅਧੀਨ ਗਠਿਤ ਕੇਂਦਰੀ ਵਿੱਤ ਕਮਿਸ਼ਨ (ਸੀਐਫਸੀ) ਦੇ ਬਰਾਬਰ ਹੈ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸੂਬਾ ਸਰਕਾਰ ਨੂੰ ਉਹਨਾਂ ਦੀਆਂ ਸਿਫ਼ਾਰਸ਼ਾਂ ‘ਤੇ ਜਲਦ ਅਤੇ ਸਕਾਰਾਤਮਕ ਕਾਰਵਾਈ ਕਰਨ ਲਈ ਅਪੀਲ ਵੀ ਕੀਤੀ ਹੈ।
ਛੇਵੇਂ ਪੰਜਾਬ ਵਿੱਤ ਕਮਿਸ਼ਨ ਨੇ ਪੰਜਾਬ ਦੇ ਰਾਜਪਾਲ ਨੂੰ ਆਪਣੀ ਰਿਪੋਰਟ ਸੌਂਪੀ
13 Views