ਸੁਖਜਿੰਦਰ ਮਾਨ
ਨਵੀਂ ਦਿੱਲੀ, 19 ਮਈ: ਕਾਂਗਰਸ ਪਾਰਟੀ ਨੂੰ ਅੱਜ ਪੰਜਾਬ ਵਿਚ ਦੋ ਵੱਡੇ ਝਟਕੇ ਲੱਗੇ ਹਨ, ਜਿੱਥੈ ਇੱਕ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ, ਉਥੇ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਦੇ ਹੈਡਕੁਆਟਰ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਸਵਾਗਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਸਣੇ ਕਈ ਵੱਡੇ ਭਾਜਪਾ ਆਗੂ ਮੌਜੂਦ ਸਨ। ਤਿੰਨ ਪੀੜੀਆਂ ਤੋਂ ਕਾਂਗਰਸੀ ਚੱਲੇ ਆ ਰਹੇ ਜਾਖ਼ੜ ਪ੍ਰਵਾਰ ਦੇ ਇਹ ਮਹੱਤਵਪੂਰਨ ਆਗੂ ਕੈਪਟਨ ਅਮਰਿੰਦਰ ਸਿੰਘ ੂਨੂੰ ਹਟਾਉਣ ਤੋਂ ਬਾਅਦ ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਹਾਈਕਮਾਂਡ ਵਲੋਂ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਦੁਖੀ ਚੱਲ ਰਹੇ ਸਨ। ਉਹ ਆਨੇ-ਬਹਾਨੇ ਇਸ ਮੁੱਦੇ ਨੂੰ ਲੈ ਕੇ ਕੇਂਦਰੀ ਆਗੂ ਅੰਬਿਕਾ ਸੋਨੀ ਦੇ ਨਾਲ ਨਾਲ ਹਾਈਕਮਾਂਡ ਨੂੰ ਵੀ ਨਿਸ਼ਾਨੇ ’ਤੇ ਲੈ ਰਹੇ ਸਨ। ਪਿਛਲੇ ਦਿਨੀਂ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲਾਂਕਿ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ ਪ੍ਰੰਤੂ ਚਰਚਾ ਮੁਤਾਬਕ ਭਾਜਪਾ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ ਜਾਂ ਫ਼ਿਰ ਸੰਗਰੂਰ ’ਚ ਹੋਣ ਵਾਲੀ ਜਿਮਨੀ ਚੋਣ ਵਿਚ ਲੋਕ ਸਭਾ ਲਈ ਵੀ ਲੜਾ ਸਕਦੀ ਹੈ।ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸਾਬਕਾ ਸਾਥੀ ਸੁਨੀਲ ਜਾਖ਼ੜ ਦੇ ਭਾਜਪਾ ਵਿਚ ਸਾਮਲ ਹੋਣ ਦੇ ਫੈਸਲੇ ’ਤੇ ਵਧਾਈ ਦਿੰਦਿਆਂ ਕਿਹਾ ਕਿ ‘‘ ਉਨ੍ਹਾਂ ਵਰਗੇ ਇਮਾਨਦਾਰ ਤੇ ਨੇਕ ਨੇਤਾ ਹੁਣ ਕਾਂਗਰਸ ਵਿਚ ਸਾਹ ਨਹੀਂ ਲੈ ਸਕਦੇ। ’’ ਕੈਪਟਨ ਨੇ ਇਹ ਕਿਹਾ ਕਿ ਇੱਕ ਸਾਲ ਪਹਿਲਾਂ ਉਹ ਮੁੱਖ ਮੰਤਰੀ ਸਨ ਤੇ ਸ਼੍ਰੀ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਭ ਕੁੱਝ ਵਧੀਆਂ ਚੱਲ ਰਿਹਾ ਸੀ।’’ ਪ੍ਰੰਤੂ ਹਾਈਕਮਾਂਡ ਦੇ ਇੱਕ ਗਲਤ ਫੈਸਲੇ ਨੇ ਸਭ ਕੁੱਝ ਤਬਾਹ ਕਰ ਦਿੱਤਾ ਅਤੇ ਹੁਣ ਕਾਂਗਰਸ ਪੂਰਨ ਤਬਾਹੀ ਵੱਲ ਜਾ ਰਹੀ ਹੈ। ਹਾਲਾਂਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖ਼ੜ ਦੇ ਭਾਜਪਾ ਵਿਚ ਸਮੂਲੀਅਤ ਉਪਰ ਨਰਾਜ਼ਗੀ ਜਤਾਈ ਹੈ।