ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਦਸੰਬਰ: ਜੀਰਾ ਵਿਖੇ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਜਾਣ ਖ਼ਿਲਾਫ਼ ਪੀੜਿਤ ਲੋਕਾਂ ਦੇ ਚੱਲ ਰਹੇ ਸੰਘਰਸ਼ ਉਪਰ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਪੁਲਿਸ ਵੱਲੋਂ ਢਾਹੇ ਜ਼ਬਰ ਦੀ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਪ੍ਰੈੱਸ ਬਿਆਨ ਜਾਰੀ ਕਰਦਿਆਂ ਗੁਰਵਿੰਦਰ ਸਿੰਘ ਪੰਨੂ, ਹਰਜੀਤ ਸਿੰਘ, ਖੁਸ਼ਦੀਪ ਸਿੰਘ, ਬਲਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਸੂਬੇ ਵਿਚਲੀ ਆਪ ਸਰਕਾਰ ਵੀ ਸੰਘਰਸ਼ੀਲ ਲੋਕਾਂ ਤੇ ਨੰਗਾ ਚਿੱਟਾ ਪੁਲਸੀ ਜਬਰ ਢਾਅ ਕੇ ਪਹਿਲੀਆਂ ਆਕਾਲੀ ਭਾਜਪਾ ਤੇ ਕਾਂਗਰਸੀ ਸਰਕਾਰਾਂ ਵਾਲੇ ਜਾਬਰ ਰਾਹ ਤੁਰ ਪਈ ਹੈ। ਸਰਕਾਰ ਨੇ ਇਹ ਜਬਰ ਕਰਕੇ ਜਿੱਥੇ ਪਹਿਲੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਲੋਕ ਦੋਖੀ ਵਿਕਾਸ ਮਾਡਲ ਨੂੰ ਸੂਬੇ ਸਿਰ ਮੜ੍ਹਨਾ ਜਾਰੀ ਰੱਖਣ ਨੂੰ ਝੰਡੀ ਦੇ ਦਿੱਤੀ ਹੈ, ਉਥੇ ਸਨਅਤਕਾਰਾਂ ਦੇ ਬੋਲ ਪੁਗਾ ਕੇ ਦੇਸੀ ਵਿਦੇਸ਼ੀ ਧਨ ਲੁਟੇਰਿਆਂ ਦੀ ਮਿਹਰ ਮਾਣ ਰਹੀ ਭਾਜਪਾ ਤੋਂ ਮੂਹਰੇ ਨਿਕਲਣ ਦੀ ਦੌੜ ਦੌੜ ਰਹੀ ਹੈ। ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਇਸ ਜਬਰ ਖਿਲਾਫ਼ ਧੜੱਲੇ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇ ਅਤੇ ਸੰਘਰਸ਼ਸ਼ੀਲ ਸੰਗਠਨ ਇਸ ਸੰਘਰਸ਼ ਦੀ ਡੱਟਵੀ ਹਿਮਾਇਤ ਵਿੱਚ ਆਉਣ। ਓਹਨਾਂ ਅੱਗੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ। ਜਿਸਦਾ ਗੰਦ ਮੰਦ ਧਰਤੀ ਵਿੱਚ ਪਾਏ ਜਾਣ ਨਾਲ ਧਰਤੀ ਹੇਠਲਾ ਪਾਣੀ ਮਨੁੱਖ ਲਈ ਤੇ ਪਸ਼ੂ ਪੰਛੀਆਂ ਲਈ ਜ਼ਹਿਰੀ ਹੋ ਚੁੱਕਾ ਹੈ ਅਤੇ ਉਸ ਦੇ ਧੂੰਏਂ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪੰਜਾਬ ਸਰਕਾਰ ਤੇ ਅਧਿਕਾਰੀ ਇਸ ਸਨਅਤਕਾਰ ਨੂੰ ਇਹ ਸਭ ਕਰਨ ਦੀ ਖੁੱਲ ਹੀ ਨਹੀਂ ਦੇ ਰਹੇ ਸਗੋਂ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਅਤੇ ਫੈਕਟਰੀ ਨੂੰ ਹੋਰ ਵੱਡੀ ਕਰਨ ਦੇ ਲਸੰਸ ਦੇ ਕੇ ਸਨਮਾਨ ਰਹੀ ਹੈ। ਜੋਨ ਬਠਿੰਡਾ ਦੇ ਆਗੂ ਜਗਜੀਤ ਸਿੰਘ ਬਰਾੜ, ਇਕਬਾਲ ਸਿੰਘ ਪੂਹਲਾ, ਕਰਮਜੀਤ ਸਿੰਘ ਦਿਓਣ, ਰਾਮਵਰਨ,ਰੁਪਿੰਦਰ ਸਿੰਘ, ਸੰਦੀਪ ਕੁਮਾਰ, ਗੋਰਾ ਭੁੱਚੋ ਨੇ ਕਿਹਾ ਕਿ ਗਿਰਫ਼ਤਾਰ ਕੀਤੇ ਸੰਘਰਸ਼ੀਲ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਫੈਕਟਰੀ ਸਮੇਤ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ। ਲੋਕ ਦੋਖੀ ਵਿਕਾਸ ਮਾਡਲ ਦਾ ਰਾਹ ਰੱਦ ਕਰਕੇ ਲੋਕ ਪੱਖੀ ਹਕੀਕੀ ਵਿਕਾਸ ਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ।ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਕੁਚਲਣ ਵਾਲੇ ਜਾਬਰ ਪੁਲਸ ਅਧਿਕਾਰੀਆਂ ਖ਼?ਲਾਫ਼ ਕਾਰਵਾਈ ਕੀਤੀ ਜਾਵੇ।