ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਤਹਿਤ ਹਾਲੇ ਤੱਕ ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ’ਤੇ ਗੁੱਸੇ ਵਿਚ ਆਏ ਐਨ ਪੀ ਐਸ ਮੁਲਾਜਮਾਂ ਵਲੋਂ ਅੱਜ ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਸਰਕਾਰ ਦੇ ਪੁਤਲੇ ਫ਼ੂਕੇ ਗਏ। ਇਸ ਮੌਕੇ ਰੋਸ਼ ਮਾਰਚ ਵੀ ਕੱਢਿਆ ਗਿਆ। ਸੀ ਪੀ ਐਡ ਇਮਪਲਾਈਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਮਾਨ, ਜਰਨਲ ਸਕੱਤਰ ਰਣਜੀਤ ਰਾਣਾ,ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਕਿਰਨਾਂ ਖਾਨ, ਸਰਪ੍ਰਸਤ ਸੁਖਦਰਸ਼ਨ ਸਿੰਘ ਬਠਿੰਡਾ, ਜ਼ਿਲਾ ਪ੍ਰੈਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ ਨੇ ਇਸ ਮੌਕੇ ਕਿਹਾ ਕਿ ਦੋ ਮਹੀਨੇ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਐਨ ਪੀ ਐਸ ਮੁਲਾਜਮਾਂਨੂੰ ਨਾ ਤਾਂ ਜੀ ਪੀ ਐਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸ ਦੀ ਕਟੌਤੀ ਸ਼ੁਰੂ ਹੋਈ ਹੈ । ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ । ਇਸ ਸਮੇਂ ਇਹ ਮੰਗ ਉਠਾਈ ਗਈ ਕਿ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ ।ਜਿਲ੍ਹਾ ਪ੍ਰੀਸ਼ਦ ਅਤੇ ਐਸ ਐਸ ਏ/ਰਮਸਾ ਅਧੀਨ ਕੀਤੀ ਨੌਕਰੀ ਦੇ ਸਮਾਂ ਕਾਲ ਨੂੰ ਪੈਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ । ਇਸ ਸਮੇਂ ਜਥੇਬੰਦੀਆਂ ਦੇ ਆਗੂ ਦੱਸਿਆ ਕਿ ਐਨ ਪੀ ਐਸ ਅਧੀਨ ਆਉਂਦੇ ਅੱਜ ਦੇ ਮੁਲਾਜਮਾਂ ਨੇ ਆਪਣੀ ਸੇਵਾ ਕਾਲ ਦੇ ਮੁਢਲੇ ਤਿੰਨ ਤੋਂ ਪੰਜ ਸਾਲ ਠੇਕਾ ਆਧਾਰ ਤੇ ਨਿਗੂਣੀਆਂ ਤਨਖਾਹਾਂ ਤੇ ਲਾਏ ਹਨ। ਅੱਜ ਜਦੋ ਇਹਨਾਂ ਮੁਲਾਜਮਾਂ ਦੀ ਪੈਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ਼ ਰੈਗੂਲਰ ਸਮੇਂ ਨੂੰ ਹੀ ਗਿਣਿਆ ਜਾਵੇਗਾ । ਰੈਗੂਲਰ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ । ਇਸ ਤਰ੍ਹਾਂ ਅੱਜ ਦੇ ਐਨ ਪੀ ਐਸ ਮੁਲਾਜਮ ਦੋਹਰੀ ਮਾਰ ਹੇਠ ਹਨ । ਇਸ ਲਈ ਸਰਕਾਰ ਪੈਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੂਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ । ਆਗੂਆਂ ਅੱਗੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
Share the post "ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ’ਤੇਐਨ ਪੀ ਐਸ ਮੁਲਾਜਮਾਂ ਨੇ ਸਰਕਾਰ ਦੇ ਫ਼ੂਕੇ ਪੁਤਲੇ"