ਜੇਲ੍ਹ ਕੈਦੀਆਂ ਵੱਲੋਂ ਸੂਬੇ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ 12 ਰਿਟੇਲ ਆਊਟਲੇਟ ਚਲਾਏ ਜਾਣਗੇ

0
9

ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਆਊਟਲੇਟ ਖੋਲ੍ਹਣ ਲਈ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜਨਵਰੀ: ਜੇਲ੍ਹ ਕੈਦੀਆਂ ਦੇ ਸੁਧਾਰ ਦੇ ਉਦੇਸ਼ ਨਾਲ ਪੰਜਾਬ ਜੇਲ੍ਹ ਵਿਕਾਸ ਬੋਰਡ (ਪੀਪੀਡੀਬੀ) ਵੱਲੋਂ ਅੱਜ ਇੰਡੀਅਨ ਆਇਲ (ਆਈਓਸੀਐਲ) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀਐਲ) ਨਾਲ 12 ਰਿਟੇਲ ਆਊਟਲੇਟ (ਆਰਓ) ਖੋਲ੍ਹਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ। ਇਹਨਾਂ ਰਿਟੇਲ ਆਊਟਲੇਟਾਂ ਦਾ ਪ੍ਰਬੰਧ ਸੂਬੇ ਭਰ ਦੇ ਜੇਲ੍ਹਾਂ ਕੈਦੀਆਂ ਵੱਲੋਂ ਕੀਤਾ ਜਾਵੇਗਾ। ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਤਕਾਲ ਪ੍ਰਵਾਨਗੀ ਉਪਰੰਤ ਸਹੀਬੱਧ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਆਈਓਸੀਐਲ ਅਤੇ ਬੀਪੀਸੀਐਲ ਨਾਲ ਸਮਝੌਤਿਆਂ ਦੇ ਲਾਗੂਕਰਨ ਅਤੇ ਇਸ ਉਪਰੰਤ ਸਬੰਧਤ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਲੀਜ਼ ਡੀਡਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ 12 ਰਿਟੇਲ ਆਊਟਲੇਟਾਂ ਵਿੱਚੋਂ 11 ਇੰਡੀਅਨ ਆਇਲ ਵੱਲੋਂ ਅਤੇ ਇੱਕ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਖੋਲ੍ਹਿਆ ਜਾਵੇਗਾ। ਇਹ ਸਮਝੌਤਾ ਪੰਜਾਬ ਜੇਲ੍ਹ ਵਿਕਾਸ ਬੋਰਡ ਦੀ ਤਰਫੋਂ ਬੋਰਡ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਮ ਮੈਂਬਰ ਸਕੱਤਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਜਦਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਤਰਫੋਂ ਸ੍ਰੀ ਅਮਰਿੰਦਰ ਕੁਮਾਰ ਵੱਲੋਂ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਪ੍ਰਮੁੱਖ ਸਕੱਤਰ (ਜੇਲ੍ਹਾਂ) ਸ੍ਰੀ ਡੀ.ਕੇ. ਤਿਵਾੜੀ, ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਜੋਏ ਚੌਧਰੀ, ਆਈਜੀ (ਜੇਲ੍ਹਾਂ) ਸ੍ਰੀ ਰੂਪ ਕੁਮਾਰ ਅਰੋੜਾ ਅਤੇ ਡੀਆਈਜੀਜ਼ ਸ੍ਰੀ ਐਸ.ਐਸ. ਸੈਣੀ ਅਤੇ ਸ੍ਰੀਮਤੀ ਅਮਨੀਤ ਕੌਂਡਲ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ ਗਿਆ। ਇਸ ਸਮਝੌਤਾ ਦੇ ਦਿਨ ਨੂੰ ਯਾਦਗਾਰ ਦੱਸਦਿਆਂ ਏ.ਡੀ.ਜੀ.ਪੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਸੁਧਾਰਵਾਦੀ ਨੀਤੀਆਂ ਦਾ ਹਿੱਸਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਲਾਂ ਵਿੱਚ ਬੰਦ ਕੈਦੀ ਜੋ ਮੁੜ ਲੀਹਾਂ ‘ਤੇ ਆਉਣਾ ਚਾਹੁੰਦੇ ਹਨ, ਨੂੰ ਲੋੜੀਂਦੇ ਮੌਕੇ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਰਿਟੇਲ ਆਊਟਲੈੱਟ ਜੇਲ੍ਹ ਵਿਕਾਸ ਬੋਰਡ ਵੱਲੋਂ ਚਲਾਏ ਜਾਣਗੇ ਅਤੇ ਇਨ੍ਹਾਂ ਦਾ ਪ੍ਰਬੰਧਨ ਜੇਲ੍ਹਾਂ ਦੇ ਸਟਾਫ਼ ਦੇ ਨਾਲ-ਨਾਲ ਕੈਦੀਆਂ ਵੱਲੋਂ ਵੀ ਕੀਤਾ ਜਾਵੇਗਾ। ਸ੍ਰੀ ਸਿਨਹਾ ਨੇ ਕਿਹਾ ਕਿ ਰਿਟੇਲ ਆਉਟਲੈਟਾਂ ਦੇ ਸੰਚਾਲਨ ਨਾਲ ਬੋਰਡ ਲਈ ਮਾਲੀਆ ਪੈਦਾ ਹੋਵੇਗਾ ਅਤੇ ਕੈਦੀਆਂ ਨੂੰ ਹੁਨਰ ਵਿਕਾਸ, ਸੁਧਾਰ ਅਤੇ ਪੁਨਰਵਾਸ ਲਈ ਢੁਕਵੇਂ ਮੌਕੇ ਮੁਹੱਈਆ ਹੋਣਗੇ। ਉਹਨਾਂ ਕਿਹਾ, “ਇਹ ਪ੍ਰੋਜੈਕਟ ਜੇਲ ਵਿਭਾਗ ਅਤੇ ਜੇਲ ਕੈਦੀਆਂ ਦੇ ਨਾਲ-ਨਾਲ ਆਈਲ ਮਾਰਕੀਟਿੰਗ ਕੰਪਨੀਆਂ ਲਈ ਵੀ ਲਾਹੇਵੰਦ ਹੋਵੇਗਾ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇਸ ਦਾ ਲਾਭ ਮਿਲੇਗਾ।”

LEAVE A REPLY

Please enter your comment!
Please enter your name here