ਦੂਜੇ ਦਿਨ ਵੀ ਪ੍ਰਦਰਸ਼ਨ ਕਰਦੇ ਠੇਕਾ ਕਾਮਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ: ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਜਾਰੀ ਹੈ। ਪਿਛਲੇ ਦੋ ਦਿਨਾਂ ਤੋਂ ਬਠਿੰਡਾ ਦੇ ਦੌਰੇ ’ਤੇ ਚੱਲ ਰਹੇ ਸ: ਬਾਦਲ ਨੂੰ ਅੱਜ ਲਗਾਤਾਰ ਦੂਜੇ ਦਿਨ ਵੀ ਠੇਕਾ ਮੁਲਾਜਮਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ’ਚ ਰੱਖੇ ਸਮਾਗਮਾਂ ਦੌਰਾਨ ਜਦ ਵਿਤ ਮੰਤਰੀ ਗਰੀਨ ਸਿਟੀ ਨਜਦੀਕੀ ਇੱਕ ਪ੍ਰਾਈਵੇਟ ਸਪੋਰਟਸ ਕਲੱਬ ਵਲ ਜਾ ਰਹੇ ਸਨ ਤਾਂ ਰਾਸਤੇ ਵਿਚ ਪੈਟਰੋਲ ਪੰਪ ਕੋਲ ਥਰਮਲ ਪਲਾਂਟ ਤੇ ਸੀਐਚਟੀ ਜਥੇਬੰਦੀ ਨਾਲ ਸਬੰਧਤ ਇਕੱਠੇ ਹੋਏ ਠੇਕਾ ਮੁਲਾਜਮਾਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪਹਿਲਾਂ ਹੀ ਕਿਸੇ ਅੰਦੇਸ਼ੇ ਦੇ ਚੱਲਦੇ ਚੌਕੰਨੀ ਦਿਖ਼ਾਈ ਦੇ ਰਹੀ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਠੇਕਾ ਮੁਲਾਜਮਾਂ ਨੂੰ ਬੀਤੇ ਕੱਲ ਦੀ ਤਰ੍ਹਾਂ ਧੂਹ ਘੜੀਸ ਕਰਦਿਆਂ ਚੁੱਕ ਚੁੱਕ ਕੇ ਬੱਸਾਂ ਵਿਚ ਸੁੱਟ ਦਿੱਤਾ। ਜਿਸਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਦਰ ਵਿਚ ਬੰਦ ਕਰ ਦਿੱਤਾ ਗਿਆ। ਠੇਕਾ ਮੁਲਾਜਮ ਆਗੂਆਂ ਜਗਸੀਰ ਸਿੰਘ, ਜਗਰੂਪ ਸਿੰਘ ਲਹਿਰਾ ਤੇ ਹਰਜਿੰਦਰ ਸਿੰਘ ਆਦਿ ਨੇ ਇਸ ਮੌਕੇ ਐਲਾਨ ਕੀਤਾ ਕਿ ਸਰਕਾਰ ਜਿੰਨ੍ਹੀ ਮਰਜ਼ੀ ਸਖ਼ਤੀ ਵਰਤ ਲਵੇ ਪ੍ਰੰਤੂ ਉਹ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਅਪਣਾ ਸੰਘਰਸ਼ ਚੋਣ ਜਾਬਤੇ ਤੋਂ ਬਾਅਦ ਵੀ ਜਾਰੀ ਰੱਖਣਗੇ।
ਠੇਕਾ ਮੁਲਾਜਮਾਂ ਵਲੋਂ ਵਿਤ ਮੰਤਰੀ ਦਾ ਵਿਰੋਧ ਲਗਾਤਾਰ ਜਾਰੀ
16 Views