ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮ ਨੂੰ ਪੱਕੇ ਕਰਨ ਲਈ ਲਿਆਂਦੇ ਕਾਨੂੰਨ ਨੂੰ ਠੇਕਾ ਮੁਲਾਜਮਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮਾਂ ਵੱਲੋਂ “ਵਿਭਾਗਾਂ ਵਿੱਚ ਰੈਗੂਲਰ ਕਰਨ“ ਦੀ ਮੰਗ ਨੂੰ ਲੈਕੇ 07 ਸਤੰਬਰ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਠੀਕਰੀ ਵਾਲਾ ਚੌਂਕ ਵਿੱਚ 24 ਸਤੰਬਰ ਤੱਕ ਪੱਕਾ ਮੋਰਚਾ ਲਾਉਣ ਉਪਰੰਤ ਮੁੱਖ ਮੰਤਰੀ ਦੀ ਤਬਦੀਲੀ ਕਾਰਨ 25 ਸਤੰਬਰ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਸਰਹਿੰਦ ਬਾਈਪਾਸ ਤੇ ਪਿਛਲੇ 68 ਦਿਨਾਂ ਤੋਂ ਲਗਾਤਾਰ ਪਰਿਵਾਰਾਂ ਅਤੇ ਛੋਟੇ-ਛੋਟੇ ਬੱਚਿਆਂ ਸਮੇਤ ਪੱਕਾ ਮੋਰਚਾ ਲਾਇਆ ਹੋਇਆ ਹੈ ਪਰ ਸੂਬੇ ਦੀ ਕਾਂਗਰਸ ਹਕੂਮਤ ਨੂੰ ਇਹਨਾਂ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਦਾ ਰਤਾ ਵੀ ਤਰਸ ਨਹੀਂ ਆਇਆ ਅਤੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਥਾਂ ਤੇ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤੇ ਨਵੇਂ ਐਕਟ “ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021“ ਵਿੱਚੋਂ ਆਊਟਸੋਰਸ਼ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਬਾਹਰ ਕਰਕੇ ਸਵਾ ਲੱਖ ਦੇ ਕਰੀਬ ਵੱਖ-ਵੱਖ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਸਤਾ ਬੰਦ ਕਰ ਦਿੱਤਾ ਹੈ। ਆਗੂਆਂ ਨੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਡੱਟਵੀਂ ਹਮਾਇਤ ਕਰਦੇ ਹੋਏ ਹਰ ਤਰਾਂ ਦਾ ਸਹਿਯੋਗ ਅਤੇ ਸਮਰਥਨ ਕਰਨ ਦਾ ਐਲਾਨ ਕੀਤਾ।
Share the post "ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਲਈ ਲਿਆਂਦਾ ਗਿਆ ਨਵਾਂ ਐਕਟ ਠੇਕਾ ਮੁਲਾਜ਼ਮਾਂ ਨਾਲ ਧੋਖਾ:-ਜੋਰਾ ਸਿੰਘ ਨਸਰਾਲੀ"