ਥਰਮਲ ਤੋਂ ਬਾਅਦ ਹੁਣ ਲੇਕ ਵਿਊ ਗੈਸਟ ਹਾਊਸ ਦੀ ਤਿਆਰੀ!

0
10

ਪਾਵਰਕਾਮ ਨੇ ਝੀਲ ਕਿਨਾਰੇ ਬਣੇ ਗੈਸਟ ਹਾਊਸ ਨੂੰ ਠੇਕੇ ’ਤੇ ਦੇਣ ਲਈ ਲਗਾਏ ਟੈਂਡਰ

ਸੁਖਜਿੰਦਰ ਮਾਨ

ਬਠਿੰਡਾ, 16 ਸਤੰਬਰ –ਸ੍ਰੀ ਗੁਰੂ ਨਾਨਕ ਦੇਵ ਦੀ 500 ਸਾਲਾਂ ਜਨਮ ਸਤਾਬਦੀ ਮੌਕੇ ਸ਼ੁਰੂ ਕੀਤੇ ਸਥਾਨਕ ਥਰਮਲ ਪਲਾਂਟ ਦੀਆਂ ਰਿਊੜੀਆਂ ਵੱਟਣ ਤੋਂ ਬਾਅਦ ਹੁਣ ਸਰਕਾਰ ਨੇ ਕੁੱਝ ਸਾਲ ਪਹਿਲਾਂ ਸੱਤ ਕਰੋੜ ਖਰਚ ਕਰਕੇ ਝੀਲਾਂ ਕਿਨਾਰੇ ਬਣਾਏ ਆਲੀਸ਼ਾਨ ਗੈਸਟ ਹਾਊਸ ਨੂੰ ਠੇਕੇਦਾਰਾਂ ਦੇ ਹੱਥਾਂ ’ਚ ਦੇਣ ਦੀ ਤਿਆਰੀ ਕਰ ਲਈ ਹੈ। ਥਰਮਲ ਦੀਆਂ ਐਨ ਝੀਲਾਂ ਦੇ ਵਿਚਕਾਰ ਬਣਿਆਂ ਇਹ ਗੈਸਟ ਕਸ਼ਮੀਰ ਦਾ ਭੁਲੇਖਾ ਪਾਉਂਦਾ ਹੈ। ਬਠਿੰਡਾ ਆਮਦ ਦੌਰਾਨ ਸੂਬੇ ਦੇ ਵੀਆਈਪੀ ਦੀ ਪਹਿਲੀ ‘ਪਸੰਦ’ ਬਣੇ ਇਸ ਲੈਕ ਵਿਊ ਗੈਸਟ ਹਾਊਸ ਨੂੰ ਪਾਵਰਕਾਮ ਨੇ ਠੇਕੇ ’ਤੇ ਚਾੜਣ ਦੀ ਤਿਆਰੀ ਕਰ ਲਈ ਹੈ। ਕਰੋੜਾਂ ਖ਼ਰਚ ਕਰਕੇ ਬਣਾਏ ਇਸ ਗੈਸਟ ਹਾਊਸ ਦੇ ਪ੍ਰਾਈਵੇਟਕਰਨ ਦੀਆਂ ਕਨਸੋਆਂ ਮਿਲਦੇ ਹੀ ਸ਼ਹਿਰ ਦੇ ਲੋਕਾਂ ਤੇ ਥਰਮਲ ਦੇ ਸਾਬਕਾ ਮੁਲਾਜਮਾਂ ਨੇ ਵਿਰੋਧ ਦੇ ਕਮਰਕਸੇ ਕਸ ਲਏ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਸੱਤਾਧਿਰ ਉਪਰ ਥਰਮਲ ਪਲਾਂਟ ਦੀ ਤਰ੍ਹਾਂ ਇਸ ਗੈਸਟ ਹਾਊਸ ਦੀ ਕਰੋੜਾਂ ਦੀ ਜਾਇਦਾਦ ਨੂੰ ਕੋਡੀਆਂ ਦੇ ਭਾਅ ਚਹੇਤਿਆਂ ਨੂੰ ਦੇਣ ਦੇ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਦੇਖਰੇਖ ਹੇਠ ਪਾਵਰਕੌਮ ਵੱਲੋਂ ਇਸ ਗੈੱਸਟ ਹਾਊਸ ਨੂੰ ਵਿਦੇਸ਼ੀ ਤਰਜ਼ ’ਤੇ ਤਿਆਰ ਕੀਤਾ ਗਿਆ ਸੀ। 1970 ਦੇ ਦਹਾਕੇ ਵਿਚ ਬਣੇ ਇਸ ਗੈਸਟ ਹਾਊਸ ਉਪਰ ਕਰੀਬ ਸੱਤ ਕਰੋੜ ਰੁਪਏ ਖ਼ਰਚ ਕਰਕੇ ਇਸ ਦੋ ਮੰਜਿਲਾਂ ਇਮਾਰਤ ਵਿਚ 2 ਡੀਲਕਸ ਸੁਇਟ ਤੋਂ ਇਲਾਵਾ 6 ਏਅਰ ਕੰਡੀਸ਼ਨਰ ਲਗਜਰੀ ਕਮਰੇ ਤਿਆਰ ਕੀਤੇ ਗਏ ਸਨ। ਇਸ ਗੈਸਟ ਹਾਊਸ ਦੇ ਡੀਲਕਸ ਸੁਇਟ ਵਿਚ ਮੁੱਖ ਮੰਤਰੀ, ਮੰਤਰੀ ਤੇ ਪਿ੍ਰੰਸੀਪਲ ਸਕੱਤਰ ਤੋਂ ਉਪਰ ਦੇ ਉਚ ਅਧਿਕਾਰੀ ਹੀ ਠਹਿਰ ਸਕਦੇ ਹਨ। ਜਦੋਂਕਿ ਦੂਜੇ ਕਮਰਿਆਂ ਵਿਚ ਵੀ ਚੀਫ਼ ਇੰਜੀਨੀਅਰ ਤੇ ਆਈ.ਏ.ਐਸ, ਆਈ.ਪੀ.ਐਸ ਅਧਿਕਾਰੀ ਰਹਿ ਸਕਦੇ ਹਨ। ਸੂਤਰਾਂ ਮੁਤਾਬਕ ਇਸ ਗੈਸਟ ਹਾਊਸ ਦੇ ਰੱਖ-ਰਖਾਊ ਉਪਰ ਪਾਵਰਕਾਮ ਵਲੋਂ ਸਲਾਨਾ 25 ਲੱਖ ਰੁਪਏ ਦੇ ਕਰੀਬ ਖ਼ਰਚਾ ਕੀਤਾ ਜਾ ਰਿਹਾ ਹੈ। ਇਸ ਗੈਸਟ ਹਾਊਸ ਨੂੰ ਚਲਾਉਣ ਲਈ ਅੱਧੀ ਦਰਜ਼ਨ ਦੇ ਕਰੀਬ ਠੇਕੇ ’ਤੇ ਮੁਲਾਜਮ ਰੱਖੇ ਹੋਏ ਹਨ।
ਬਾਕਸ
ਠੇਕੇ ’ਤੇ ਲੈਣ ਦੇ ਚਾਹਵਾਨਾਂ ਨੇ ਬੀਅਰ ਬਾਰ ਖੋਲਣ ਦੀ ਕੀਤੀ ਮੰਗ
ਬਠਿੰਡਾ: ਪਾਵਰਕਾਮ ਵਲੋਂ ਇਸ ਗੈਸਟ ਹਾਊਸ ਨੂੰ ਠੇਕੇ ’ਤੇ ਦੇਣ ਲਈ ਠੇਕੇਦਾਰਾਂ ਤੋਂ ਮੰਗੇ ਟੈਂਡਰਾਂ ਵਿਚ 3-4 ਪਾਰਟੀਆਂ ਵਲੋਂ ਉਤਸ਼ਾਹ ਦਿਖਾਉਣ ਦੀ ਸੂਚਨਾ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਇੰਨ੍ਹਾਂ ਪਾਰਟੀਆਂ ਨੇ ਇਸ ਗੈਸਟ ਹਾਊਸ ਵਿਚ ਗਜੀਬੋ ਲਗਾਉਣ ਤੇ ਬੀਅਰ ਬਾਰ ਆਦਿ ਖੋਲਣ ਦੀ ਸ਼ਰਤ ਰੱਖੀ ਹੈ ਪ੍ਰੰਤੂ ਅਥਾਰਟੀ ਹਾਲੇ ਇਸਦੇ ਲਈ ਤਿਆਰ ਨਹੀਂ ਹੋਈ ਹੈ। ਜਿਸਦੇ ਚੱਲਦੇ ਪਾਵਰਕਾਮ ਅਥਾਰਟੀ ਨੇ ਕੋਈ ਹੋਰ ਬਦਲ ਤਲਾਸ਼ਣ ਲਈ ਕਿਹਾ ਹੈ।
ਬਾਕਸ
ਥਰਮਲ ਇੰਪਲਾਈਜ਼ ਫ਼ੈਡਰੇਸ਼ਨ ਨੇ ਕੀਤਾ ਵਿਰੋਧ
ਬਠਿੰਡਾ: ਪਹਿਲਾਂ ਹੀ ਥਰਮਲ ਪਲਾਂਟ ਨੂੰ ਮਲਟੀਮੇਟ ਕਰਨ ਤੋਂ ਦੁਖੀ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਇਜ ਫੈਡਰੇਸ਼ਨ ਨੇ ਪਾਵਰਕਾਮ ਅਥਾਰਟੀ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ‘‘ਪਹਿਲਾ ਤਤਕਾਲੀ ਸਰਕਾਰ ਨੇ ਥਰਮਲ ਦੀ ਜ਼ਮੀਨ ਨੂੰ ਟੋਟੇ ਕਰ ਕੇ ਅੰਬੂਜਾ ਸੀਮਿੰਟ ਫ਼ੈਕਟਰੀ ਨੂੰ ਦਿੱਤੀ ਗਈ ਅਤੇ ਹੁਣ ਮੌਜੂਦਾ ਸਰਕਾਰ ਨੇ 2200 ਕਰੋੜ ਦੀ ਮਿਸ਼ਨਰੀ 164 ਕਰੋੜ ਵਿਚ ਮੁੰਬਈ ਦੀ ਕੰਪਨੀ ਨੂੰ ਵੇਚ ਦਿੱਤਾ ਹੈ ਅਤੇ 1364 ਏਕੜ ਜਮੀਨ ਪੁੱਡਾ ਦੇ ਹਵਾਲੇ ਕਰ ਦਿੱਤੀ ਹੈ। ’’ ਉਧਰ ਜਮਹੂਰੀ ਅਧਿਕਾਰ ਸਭਾ ਨੇ ਇਸ ਫੈਸਲਾ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕ ਇਸ ਨੂੰ ਬਰਦਾਸਤ ਨਹੀਂ ਕਰਨਗੇ। ਸਭਾ ਦੇ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਕੈਪਟਨ ਤੇ ਮੋਦੀ ਸਰਕਾਰ ਦੋਨੋਂ ਹੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ।
ਵੇਚਣ ਲਈ ਨਹੀਂ, ਠੇਕੇ ’ਤੇ ਦੇਣ ਲਈ ਲਗਾਏ ਸਨ ਟੈਂਡਰ-ਜਰਨਲ ਮੈਨੇਜਰ
ਬਠਿੰਡਾ: ਦੂਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਜਰਨਲ ਮੈਨੇਜਰ ਕੁਲਦੀਪ ਕੁਮਾਰ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਲੇਕ ਵੀਊ ਗੈੱਸਟ ਹਾਊਸ ਨੂੰ ਵੇਚਣ ਲਈ ਨਹੀਂ, ਬਲਕਿ ਲੀਜ਼ ’ਤੇ ਦੇਣ ਲਈ ਟੈਂਡਰ ਲਗਾਏ ਗਏ ਸਨ ਪ੍ਰੰਤੂ ਤਿੰਨ-ਚਾਰ ਪਾਰਟੀਆਂ ਵਲੋਂ ਰੁਚੀ ਦਿਖਾਉਣ ਦੇ ਬਾਵਜੂਦ ਰੱਖੀਆਂ ਸਰਤਾਂ ਅਥਾਰਟੀ ਨੂੰ ਮੰਨਜੂਰ ਨਹੀਂ। ਜਿਸਦੇ ਚੱਲਦੇ ਇਸਨੂੰ ਚਲਾਉਣ ਲਈ ਕੋਈ ਹੋਰ ਬਦਲ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here