ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਨਗਰ ਕੌਂਸਲ ਰਾਮਾ ਵਿਖੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਕ੍ਰਿਸਨ ਕੁਮਾਰ ਵਿਰੁਧ ਕੋਂਸਲਰਾਂ ਵਲੋਂ ਪਾਸ ਕੀਤੇ ਬੇਭਰੋਸਗੀ ਦੇ ਮਤੇ ਦੌਰਾਨ ਲੋਕਲ ਪੁਲਿਸ ਵਲੋਂ ਕਥਿਤ ਤੌਰ ’ਤੇ ਕੋਂਸਲ ਦੇ ਮੀਤ ਪ੍ਰਧਾਨ ਤੇ ਕਾਂਗਰਸ ਦੇ ਹਿਮਾਇਤੀ ਨੂੰ ਚੁੱਕਣ ਦੇ ਵਿਰੁਧ ਅੱਜ ਕਾਂਗਰਸ ਦੇ ਵਫ਼ਦ ਨੇ ਐਸ.ਐਸ.ਪੀ ਨਾਲ ਮੀਟਿੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਮਿਲੇ ਵਫ਼ਦ ਨੇ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਜੁਰਮ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕਰਕੇ ਜਿੰਮੇਵਾਰਾਂ ਵਿਰੁਧ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਸਹਿ ’ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਹਟਾ ਕੇ ਆਪਣਾ ਕਬਜ਼ਾ ਕਰਨ ਲਈ ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਾਲ ਧੱਕੇਸ਼ਾਹੀ ਕੀਤੀ ਗਈ ਹੈ , ਜਿਸ ਦੇ ਚੱਲਦੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਡੀਐਸਪੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਕਾਂਗਰਸੀ ਆਗੂਆਂ ਨੂੰ 26 ਜੁਲਾਈ ਤੱਕ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਰਾਜਨ ਗਰਗ ਨੇ ਕਿਹਾ ਕਿ ਐਸ ਐਸ ਪੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਤੇ ਪੂਰਾ ਸੱਚ ਸਾਹਮਣੇ ਲਿਆਕੇ ਮੁਦਈ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾਂ ਦਿੱਤਾ ਗਿਆ ਤਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਿਦਾਇਤਾਂ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਧਰਨੇ ਦੇਣ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
Share the post "ਨਗਰ ਕੌਂਸਲ ਰਾਮਾ ਵਿਖੇ ਮੀਤ ਪ੍ਰਧਾਨ ਨੂੰ ਪੁਲਿਸ ਵਲੋਂ ਚੁੱਕਣ ਦੇ ਵਿਰੁਧ ਕਾਂਗਰਸ ਪਾਰਟੀ ਨੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ"