ਕਾਂਗਰਸ ਪਾਰਟੀ ਵਲੋਂ ਸੰਭਾਵੀਂ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਤੇ ਛੱਤੀਸ਼ਗੜ੍ਹ ਤੇ ਆਪ ਵਲੋਂ ਪੱਛਮੀ ਬੰਗਾਲ ’ਚ ਭੇਜਣ ਦੀ ਤਿਆਰੀ ਕਰਨ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਸੰਭਾਵੀਂ ਨਤੀਜ਼ਿਆਂ ਤੋਂ ਪਹਿਲਾਂ ਹੁਣ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਅਪਣੇ ਸੰਭਾਵੀਂ ਵਿਧਾਇਕਾਂ ਨੂੰ ਸੰਭਾਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਕਾਂਗਰਸ ਤੇ ਆਪ ਦੋਨਾਂ ਹੀ ਪਾਰਟੀ ਦੇ ਉਚ ਨੇਤਾਵਾਂ ਨੇ ਇੰਨ੍ਹਾਂ ਨੂੰ ਅਫ਼ਵਾਹਾਂ ਕਰਾਰ ਦਿੰਦਿਆਂ ਅਜਿਹੀ ਕੋਈ ਗੱਲ ਹੋਣ ਤੋਂ ਸਪੱਸ਼ਟ ਇੰਨਕਾਰ ਕੀਤਾ ਹੈ ਪ੍ਰੰਤੂ ਸੂਬੇ ਦੇ ਸਿਆਸੀ ਹਵਾ ’ਚ ੱਚੱਲ ਰਹੀਆਂ ਸਰਗੋਸ਼ੀਆਂ ਮੁਤਾਬਕ ਕਾਂਗਰਸ ਪਾਰਟੀ ਵਲੋਂ ਅਪਣੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਰਾਜਸਥਾਨ ਤੇ ਆਮ ਆਦਮੀ ਪਾਰਟੀ ਵਲੋਂ ਪੱਛਮੀ ਬੰਗਾਲ ’ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਇੰਨ੍ਹਾਂ ਅਫ਼ਵਾਹਾਂ ਨੂੰ ਇਸ ਕਾਰਨ ਵੀ ਬਲ ਮਿਲਦਾ ਹੈ ਕਿ ਵੋਟਾਂ ਤੋਂ ਬਾਅਦ ਹੁਣ ਤੱਕ ਕੀਤੇ ਵਿਸਲੇਸ਼ਣਾਂ ਵਿਚ ਸੂਬੇ ’ਚ ਕਿਸੇ ਵੀ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਗੱਲ ਆਖ਼ੀ ਜਾ ਰਹੀ ਹੈ। ਇੰਨ੍ਹਾਂ ਕਥਿਤ ਵਿਸ਼ਲੇਸਣਾਂ ਮੁਤਾਬਕ ਆਪ ਬੇਸ਼ੱਕ ਸੂਬੇ ਦੀ ਸਭ ਤੋਂ ਵੱਡੀ ਜੇਤੂ ਪਾਰਟੀ ਵਜੋਂ ਜਰੂਰ ਉਭਰ ਕੇ ਸਾਹਮਣੇ ਆ ਸਕਦੀ ਹੈ ਪ੍ਰੰਤੂ ਬਹੁਮਤ ਤੱਕ ਪਹੁੰਚਣ ਲਈ ਉਸਨੂੰ ਵੀ ਤਰਦੱਦ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਧਾੜੇ ਚੜ੍ਹ ਕੇ ਪੰਜਾਬ ’ਚ ਦੂਜੀ ਵਾਰ ਸੱਤਾ ਦਾ ਖ਼ਵਾਬ ਦੇਖ਼ ਰਹੀ ਕਾਂਗਰਸ ਪਾਰਟੀ ਦੇ ਮਾਹਰ ਵੀ ਜਕੋ-ਤਕੀ ਵਿਚ ਦੱਸੇ ਜਾ ਰਹੇ ਹਨ ਜਦੋਂਕਿ ਹਾਥੀ ’ਤੇ ਸਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਦੂਜੇ ਪਾਸੇ ਭਾਜਪਾ ਗਠਜੋੜ ਦੇ ਆਗੂ ਵੀ ਸੂਬੇ ’ਚ ਵੱਡਾ ਕਰ ਸਕਣ ਦੀ ਸਮਰੱਥਾ ਤੋਂ ਤਾਂ ਜਰੂਰ ਇੰਨਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਨੂੰ ਉਮੀਦ ਹੈ ਕਿ ਵੋਟ ਪ੍ਰਤੀਸ਼ਤਾ ਦੇ ਮਾਮਲੇ ਵਿਚ ਭਾਜਪਾ ਵਿਸ਼ੇਸ ਸਥਾਨ ਹਾਸਲ ਕਰੇਗੀ। ਅਜਿਹੀ ਹਾਲਾਤ ’ਚ ਪ੍ਰਮੁੱਖ ਪਾਰਟੀਆਂ ਨੂੰ ਆਪੋ-ਅਪਣੇ ਨੰਬਰ ਇਕੱਠੇ ਰੱਖਣ ਲਈ ਤਰਦੱਦ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਮੌਜੂਦਾ ਮਹਿੰਗਾਈ ਦੇ ਯੁੱਗ ’ਚ ਕੋਈ ਵੀ ਜੇਤੂ ਵਿਧਾਇਕ ਥੋੜੇ ਸਮੇਂ ਬਾਅਦ ਮੁੜ ਚੋਣਾਂ ਦਾ ਭਾਰ ਝੱਲਣ ਤੋਂ ਕੰਨੀ ਕਤਰਾਉਂਦਾ ਹੈ, ਅਜਿਹੀ ਹਾਲਾਤ ਵਿਚ ਹਰ ਪ੍ਰਮੁੱਖ ਸਿਆਸੀ ਪਾਰਟੀ ਨੂੰ ਅਪਣੇ ਵਿਧਾਇਕ ਟੁੱਟਣ ਦਾ ਖ਼ਤਰਾ ਹੋਣਾ ਸੁਭਾਵਕ ਹੈ। ਉਧਰ ਲੰਮਾ ਸਮਾਂ ਕਾਂਗਰਸ ਵਿਚ ਰਹੇ ਪਿ੍ਰਤਪਾਲ ਸਿੰਘ ਬਲੀਏਵਾਲ ਜੋਕਿ ਅੱਜ ਕੱਲ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਹਨ, ਵਲੋਂ ਕੀਤੇ ਟਵੀਟ ਨੇ ਵੀ ਪੰਜਾਬ ਦੀ ਸਿਆਸਤ ’ਚ ਹਲਚਲ ਪੈਦਾ ਕੀਤੀ ਹੈ। ਸ: ਬਲੀਏਵਾਲ ਨੇ ਅਪਣੇ ਟਵੀਟ ’ਚ ਸਵਾਲ ਕੀਤਾ ਹੈ ਕਿ ‘‘ ਕਿ ਕਾਂਗਰਸ ਦੇ ਉਮੀਦਵਾਰ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਰਾਜਸਥਾਨ ਦੀ ਯਾਤਰਾ ’ਤੇ ਕਿਉਂ ਜਾ ਰਹੇ ਹਨ?’’ ਇਹੀਂ ਨਹੀਂ ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਤੇ ਇਹ ਅਪਣੇ ‘ਬੰਦਿਆਂ’ ਨੂੰ ਬਚਾਉਣ ਦਾ ਅਪ੍ਰਰੇਸ਼ਨ ਨਹੀਂ। ਇਸਦੀ ਪੁਸ਼ਟੀ ਉਨ੍ਹਾਂ ਕੁੱਝ ਖ਼ਬਰੀ ਚੈਨਲਾਂ ਨਾਲ ਕਰਦਿਆਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਜੈਸਲਮੇਰ ਤੇ ਜੋਧਪੁਰ ਆਦਿ ਖੇਤਰਾਂ ਵਿਚ ਕਾਂਗਰਸੀ ਉਮੀਦਵਾਰਾਂ ਦੀਆਂ ਫ਼ੋਟੋਆਂ ਸੋਸਲ ਮੀਡੀਆ ’ਤੇ ਸਾਹਮਣੇ ਆ ਜਾਣਗੀਆਂ। ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਆਉਣ ਵਾਲੇ ਦਿਨਾਂ ‘ਚ ਅਪਣੇ ਸੰਭਾਵੀਂ ਜੇਤੂ ਉਮੀਦਵਾਰਾਂ ਪੱਛਮੀ ਬੰਗਾਲ ਦੇ ਦਾਰਜ਼�ਿਗ ਦੀ ਸ਼ੈਰ ਕਰਵਾਉਣ ਦੀ ਸੰਭਾਵਨਾ ਪ੍ਰਗਟਾਈ ਹੈ। ਬੇਸ਼ੱਕ ਬਲੀਏਵਾਲ ਦੇ ਇੰਨ੍ਹਾਂ ਦਾਅਵਿਆਂ ਨੂੰ ਕਾਂਗਰਸ ਤੇ ਆਪ ਦੇ ਆਗੂਆਂ ਨੇ ਸਿਰੇ ਤੋਂ ਖ਼ਾਰਜ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਪਾਰਟੀ ਤੇ ਉਮੀਦਵਾਰ ਇਕਜੁਟ ਹਨ ਤੇ ਭਾਜਪਾ ਤੇ ਉਸਦੇ ਸਮਰਥਕ ਖ਼ੁਦ ਨੂੰ ਮਿਲਣ ਵਾਲੀ ਭਾਰੀ ਹਾਰ ਨੂੰ ਦੇਖਦਿਆਂ ਅਜਿਹੀਆਂ ਬੁਖ਼ਲਾਹਟ ਭਰੀਆਂ ਅਫ਼ਵਾਹਾਂ ਉਡਾ ਰਹੇ ਹਨ ਪ੍ਰੰਤੂ ਇਸ ਚਰਚਾ ਤੋਂ ਬਾਅਦ ਪੰਜਾਬ ਦੇ ਸੰਭਾਵੀਂ ਨਤੀਜਿਆਂ ਦੀਆਂ ਚੱਲ ਰਹੀਆਂ ਗੱਲਾਂ ਨੂੰ ਹੋਰ ਪੁਖਤਾ ਕਰਦੀਆਂ ਹਨ।
ਬਾਕਸ
ਭਾਜਪਾ ਭਲਕੇ ਕਰੇਗੀ ਵੋਟਾਂ ’ਤੇ ਮੰਥਨ
ਬਠਿੰਡਾ: ਉਧਰ ਪਤਾ ਚੱਲਿਆ ਹੈ ਕਿ ਪਹਿਲੀ ਵਾਰ ਪੰਜਾਬ ਵਿਚ ਅਪਣੇ ਸਿਰ ’ਤੇ ਸਿਆਸੀ ਵਜ਼ਨ ਤੋਲਣ ਵਾਲੀ ਭਾਰਤੀ ਜਨਤਾ ਪਾਰਟੀ ਵੀ 3 ਮਾਰਚ ਨੂੰ 20 ਫ਼ਰਵਰੀ ਨੂੰ ਪਈਆਂ ਵੋਟਾਂ ਬਾਰੇ ਮੰਥਨ ਕਰਨ ਜਾ ਰਹੀ ਹੈ। ਪਾਰਟੀ ਦੇ ਇੱਕ ਆਗੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਮੀਟਿੰਗ ਵਿਚ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਹੈ ਤੇ ਇਸ ਦੌਰਾਨ ਹਰੇਕ ਹਲਕੇ ਵਾਈਜ਼ ਪਈਆਂ ਵੋਟਾਂ ਤੇ ਪਾਰਟੀ ਉਮੀਦਵਾਰਾਂ ਦੀ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਨਤੀਜ਼ਿਆਂ ਤੋਂ ਬਾਅਦ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।
Share the post "ਨਤੀਜ਼ਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਪਣੇ ਸੰਭਾਵੀਂ ਵਿਧਾਇਕਾਂ ਨੂੰ ਸੰਭਾਲਣ ’ਚ ਲੱਗੀਆਂ!"