ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ‘ਆਪ’ ਵਿਧਾਇਕਾਂ ਨੇ ਖੇਤਾਂ ‘ਚ ਜਾ ਕੇ ਲਿਆ ਜਾਇਜਾ

0
18

ਪੀੜਤ ਕਿਸਾਨਾਂ ਨੂੰ 100 ਫ਼ੀਸਦੀ ਮੁਆਵਜ਼ਾ ਦੇਵੇ ਪੰਜਾਬ ਸਰਕਾਰ: ਕੁਲਤਾਰ ਸਿੰਘ ਸੰਧਵਾਂ
-ਬੀ.ਟੀ ਕਾਟਨ ਦੇ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਹਾਈਕੋਰਟ ਦੀ ਨਿਗਰਾਨੀ ਵਿੱਚ ਉਚ ਪੱਧਰੀ ਜਾਂਚ ਕਰਾਵੇ ਸਰਕਾਰ: ਪ੍ਰੋ. ਬਲਜਿੰਦਰ ਕੌਰ

ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੂਬੇ ਦੀ ਨਰਮਾ ਪੱਟੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਹਮਦਰਦੀ ਸਾਂਝੀ ਕੀਤੀ। ਆਗੂਆਂ ਨੇ ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਪੂਰੀ ਨਰਮਾ ਪੱਟੀ ਵਿੱਚ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਫ਼ਸਲ ਦਾ 100 ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ ਅਤੇ ਬੀ.ਟੀ ਕਾਟਨ ਦੇ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਕਿਸਮਾਂ ਦੀ ਹਾਈਕੋਰਟ ਦੀ ਨਿਗਰਾਨੀ ਵਿੱਚ ਉਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਸਮੁੱਚੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਉਚ ਗੁੱਣਵਤਾ ਵਾਲੀ ਕੀਟਨਾਸ਼ਕ ਦਵਾਈ (ਪੈਸਟੀਸਾਇਡ) ਮੁਫ਼ਤ ਦਿੱਤੀ ਜਾਵੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਸ਼ਨੀਵਾਰ ਨੂੰ ਬਠਿੰਡਾ ਜ਼ਿਲੇ ਦੇ ਕੋਟਬਖਤੂ ਅਤੇ ਕਣਕਵਾਲ ਪਿੰਡਾਂ ਵਿੱਚ ਜਾ ਕੇ ਪੀੜਤ ਕਿਸਾਨਾਂ ਨੂੰ ਮਿਲੇ ਅਤੇ ਖੇਤਾਂ ਵਿੱਚ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ। ਕਿਸਾਨਾਂ ਨਾਲ ਹਮਦਰਦੀ ਜਤਾਉਂਦਿਆਂ  ‘ਆਪ’ ਆਗੂਆਂ ਨੇ ਕਿਹਾ ਹੁਣ ਨਰਮੇ ਦੀ ਬਿਜਾਈ ਦਾ ਸਮਾਂ ਲੰਘ ਚੁਕਿਆਂ ਹੈ ਅਤੇ ਨਵੀਂ ਫ਼ਸਲ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਜਿਵੇਂ ਬਾਦਲ ਸਰਕਾਰ ਦੌਰਾਨ 2015 ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਅਤੇ ਹੋਰਨਾਂ ਜ਼ਿਲਿਆਂ ਵਿੱਚ ਨਰਮੇ ਦੀ ਫ਼ਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਅਤੇ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਗੁਣਵੱਤਾ ‘ਚ ਘੋਟਾਲਾ ਪਾਇਆ ਗਿਆ ਸੀ, ਉਵੇਂ ਹੀ ਹੁਣ ਕਾਂਗਰਸ ਸਰਕਾਰ ਵੇਲੇ ਨਰਮੇ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਅਤੇ ਬੀਜ ਸਮੇਤ ਕੀਟਨਾਸ਼ਕ ਦਵਾਈਆਂ ਦੀ ਗੁਣਵੱਤਾ ਘਟੀਆ ਪਾਈ ਗਈ ਹੈ। ਸੰਧਵਾਂ ਨੇ ਕਿਹਾ ਕਿਸਾਨਾਂ ਵੱਲੋਂ ਅਨੇਕਾਂ ਵਾਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਦੇ ਬਾਵਜ਼ੂਦ ਗੁਲਾਬੀ ਸੁੰਡੀ ਦਾ ਕਹਿਰ ਖ਼ਤਮ ਨਹੀਂ ਹੋ ਰਿਹਾ ਹੈ ਅਤੇ ਸਰਕਾਰ ਦੀ ਲਾਪ੍ਰਵਾਹੀ ਕਾਰਨ ਮਾਲਵਾ ਖੇਤਰ ਵਿੱਚ ਨਰਮੇ ਦੀ ਪੂਰੀ ਫ਼ਸਲ ਨਸ਼ਟ ਹੋ ਗਈ ਹੈ।
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ 2015 ਵਿੱਚ ਬਾਦਲ ਸਰਕਾਰ ਦੌਰਾਨ ਨਰਮੇ ‘ਤੇ ਹੋਏ ਚਿੱਟੀ ਮੱਖੀ ਦੇ ਹਮਲੇ ਸਮੇਂ ਬੀਤ ਅਤੇ ਕੀਟਨਾਸ਼ਕ ਦਵਾਈਆਂ ਦੇ ਘੋਟਾਲੇ ‘ਚ ਸ਼ਾਮਲ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅਜਿਹੀ ਹਰਕਤ ਦੁਬਾਰਾ ਕਰਨ ਦੀ ਕਿਸੇ ‘ਚ ਹਿੰਮਤ ਨਹੀਂ ਸੀ ਹੋਣੀ।
‘ਆਪ’ ਆਗੂਆਂ ਨੇ ਮੰਗ ਕੀਤੀ, ”ਬੀ.ਟੀ ਕਾਟਨ ਦੇ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਕਿਸਮਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਵਿੱਚ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰਾਂ ਬਾਦਲ ਸਰਕਾਰ ਦੇ ਸਮੇਂ ਵਿੱਚ ਨਕਲੀ ਅਤੇ ਬੇਅਸਰ ਦਵਾਈਆਂ ਦੇ ਚਲਦਿਆਂ ਚਿੱਟੀ ਮੱਖੀ ਨੇ ਨਰਮਾ ਤਬਾਹ ਕੀਤਾ ਸੀ, ਉਸੇ ਤਰਾਂ ਅੱਜ ਗੁਲਾਬੀ ਸੁੰਡੀ ਵੀ ਨਰਮੇ ਨੂੰ ਤਬਾਹ ਕਰ ਰਹੀ ਹੈ ਅਤੇ ਕੀਟਨਾਸ਼ਕ ਦਵਾਈਆਂ ਬੇਅਸਰ ਸਿੱਧ ਹੋ ਰਹੀਆਂ ਹਨ। ਇਸ ਕਾਰਨ ਕਿਸਾਨਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਨੁਕਸਾਨ ਸਹਿਣਾ ਪੈ ਰਿਹਾ ਹੈ।”
ਪ੍ਰੋ. ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੀ ਗਿਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਘੱਟ ਤੋਂ ਘੱਟ 50 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿ ਸੂਬੇ ਦੇ ਕਿਸਾਨ ਪਹਿਲਾ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਨ ਅਤੇ ਕਈ ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ”
ਉਨਾਂ ਮੰਗ ਕੀਤੀ, ”ਕਾਂਗਰਸ ਸਰਕਾਰ ਨੂੰ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਉਨਾਂ ਦੀ ਫ਼ਸਲ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਉਚ ਪੱਧਰੀ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨਾਂ ਨਾਲ ਪਿੰਡ ਕੋਟ ਬਖਤੂ ਬਲਾਕ ਇੰਚਾਰਜ ਗੁਰਤੇਜ ਸਿੰਘ ਸੈਕਟਰੀ, ਗੁਰਜੰਟ ਸਿੰਘ ਸਰਕਲ ਇੰਚਾਰਜ, ਲਵਪ੍ਰੀਤ ਸਿੰਘ ਬਲਾਕ ਇੰਚਾਰਜ ਯੂਥ,ਬਿੰਦਰ ਸਿੰਘ ਸਿੱਧੂ,ਨੈਬ ਸਿੰਘ ਨੰਬਰਦਾਰ,ਧਰਮਾਂ ਸਿੰਘ ਮਾਨਵਾਲਾ, ਸੁਖਪਾਲ ਸਿੰਘ,ਮੇਜਰ ਸਿੰਘ ਨੰਬਰਦਾਰ,ਸੁਰਜੀਵਨ ਸਿੰਘ,ਟਹਿਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੱਤਪਾਲ ਸਿੰਘ,ਬਹਾਦਰ ਸਿੰਘ ਸੇਰਗੜ, ਸੁਰਜੀਤ ਸਿੰਘ,ਗੁਰਪਾਲ ਸਿੰਘ ਆਗੂ ਮੌਜ਼ੂਦ ਸਨ।

LEAVE A REPLY

Please enter your comment!
Please enter your name here