ਪੁਲਿਸ ਕਾਰਵਾਈ ਨਾ ਹੋਣ ਤੋਂ ਦੁਖ਼ੀ ਲੋਕਾਂ ਨੇ ਥਾਣਾ ਘੇਰਿਆਂ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਹਾਲੇ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਪੰਚਾਇਤ ਵਲੋਂ ਨਸ਼ਾ ਤਸਕਰਾਂ ਵਿਰੁਧ ਸਖ਼ਤੀ ਕਰਨ ਦੇ ਪਾਸ ਕੀਤੇ ਫੈਸਲੇ ਦੀ ਚਰਚਾ ਖ਼ਤਮ ਨਹੀਂ ਹੋਈ ਸੀ ਕਿ ਅੱਜ ਜ਼ਿਲ੍ਹੇ ਦੇ ਪਿੰਡ ਪੂਹਲਾ ’ਚ ਨਸ਼ਾ ਤਸਕਰਾਂ ਦੀ ਚੜ੍ਹਤ ਨੂੰ ਰੋਕਣ ਤੋਂ ਅਸਮਰੱਥ ਰਹੀ ਪੁਲਿਸ ਤੋਂ ਦੁਖੀ ਲੋਕਾਂ ਨੇ ਥਾਣਾ ਨਥਾਣਾ ਦਾ ਘਿਰਾਓ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਹੋਰਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਸ ਧਰਨੇ ’ਚ ਪੁੱਜੇ ਲੋਕਾਂ ਨੇ ਪੁਲਿਸ ਉਪਰ ਥਾਣੇ ਅਧੀਨ ਆਉਂਦੇ ਪਿੰਡਾਂ ’ਚ ਸ਼ਰੇਆਮ ਨਸ਼ਾ ਵਿਕਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੋਸ਼ ਲਗਾਇਆ। ਲੋਕਾਂ ਮੁਤਾਬਕ ਪਿੰਡ ਪੂਹਲਾ ਦੇ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਲਿਸਟ ਦੇਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਮਲਾ ਵਧਦਾ ਦੇਖ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ। ਉਧਰ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਲਾਕੇ ਅੰਦਰ ਨਸ਼ੇ ਸ਼ਰੇਆਮ ਵਿਕ ਰਹੇ ਹਨ ਤੇ ਨੌਜਵਾਨਾਂ ਦੀ ਧੜਾ ਧੜ ਮੌਤ ਹੋ ਰਹੀ ਹੈ ਪ੍ਰੰਤੂ ਪੁਲਿਸ ਕੁੱਝ ਨਹੀਂ ਕਰ ਰਹੀ। ਉਨ੍ਹਾਂ ਦਸਿਆ ਕਿ ਪਿੰਡ ਪੂਹਲਾ ਦੇ ਕਥਿਤ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਲੰਘੀ 31 ਜਨਵਰੀ ਨੂੰ ਲਿਸਟ ਦਿੱਤੀ ਗਈ ਪ੍ਰੰਤੂ ਹਾਲੇ ਤੱਕ ਉਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਫ਼ੜਿਆ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਕਰਨ ਲੱਗੇ ਹਨ, ਜਿਸ ਕਾਰਨ ਆਮ ਲੋਕ ਵੀ ਸੁਰੱਖਿਅਤ ਨਹੀਂ। ਇਸ ਧਰਨੇ ਨੂੰ ਜਥੈਬੰਦੀ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਤੋਂ ਇਲਾਵਾ ਪ੍ਰਰੈਸ ਸਕੱਤਰ ਅਵਤਾਰ ਸਿੰਘ, ਬੂਟਾ ਸਿੰਘ ਭੈਣੀ, ਬਚਿੱਤਰ ਬੇਗਾ, ਰਾਮ ਰਤਨ ਨੇ ਵੀ ਸੰਬੋਧਨ ਕੀਤਾ।
ਨਸ਼ਾ ਤਸਕਰਾਂ ਵਿਰੁਧ ਹੁਣ ਆਮ ਲੋਕ ਖ਼ੜੇ ਹੋਣ ਲੱਗੇ
13 Views