ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਜ਼ਿਲ੍ਹੇ ਦੇ ਕਸਬਾ ਭੁੱਚੋ ਮੰਡੀ ਵਿਖੇ ਕਥਿਤ ਤੌਰ ’ਤੇ ਲਗਾਤਾਰ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋਣ ਤੇ ਨਸ਼ਾ ਤਸਕਰੀ ਵਧਣ ਤੋਂ ਦੁਖੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਲੋਕਾਂ ਨੇ ਅੱਜ ਇੱਕੇਠੇ ਹੋ ਕੇ ਪੁਲਿਸ ਚੌਂਕੀ ਨੂੰ ਘੇਰਦਿਆਂ ਧਰਨਾ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਗੁਰਜੰਟ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਪਿੰਡ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਤੇ ਇਸਦੇ ਪਿੱਛੇ ਇਲਾਕੇ ਦੇ ਨਸ਼ੇੜੀਆਂ ਦਾ ਹੈ, ਜਿੰਨ੍ਹਾਂ ਵਲੋਂ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਮੁਤਾਬਕ ਮੋਟਰਾਂ ਤੋਂ ਕੇਬਲਾਂ ਉਤਾਰਨਾਂ ਅਤੇ ਗੈਸ ਸਿਲੈਂਡਰ ਤੋਂ ਇਲਾਵਾ ਹੋਰ ਕੀਤੀਆਂ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਨਿੱਤ ਦਿਨ ਹੋ ਰਹੀਆਂ ਹਨ। ਪਿੰਡ ਦੀ ਇੱਕ ਹੋਰ ਮਹਿਲਾ ਸਰਪੰਚ ਦੇ ਪਤੀ ਗੁਰਦਾਸ ਸਿੰਘ ਨੇ ਦੋਸ਼ ਲਗਾਇਆ ਕਿ ਇਹ ਚੋਰੀ ਦੀਆਂ ਘਟਨਾਵਾਂ ਜਿਆਦਾਤਰ ਨਸ਼ੇੜੀਆਂ ਵਲੋਂ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਦੱਸਿਆ ਕਿ ਇਲਾਕੇ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਤੇ ਨੌਜਵਾਨ ਇਸਦੀ ਚੁੰਗਲ ਵਿਚ ਫ਼ਸ ਰਹੇ ਹਨ। ਇਸ ਮੌਕੇ ਪੰਚ ਭੀਮ ਸਿੰਘ, ਸੁਸਾਇਟੀ ਪ੍ਰਧਾਨ ਗੁਰਸ਼ਰਨ ਸਿੰਘ ਆਦਿ ਨੇ ਦਾਅਵਾ ਕੀਤਾ ਕਿ ਜੇਕਰ ਪੁਲਿਸ ਨੇ ਸਖ਼ਤੀ ਨਾ ਕੀਤੀ ਤਾਂ ਲੋਕਾਂ ਦਾ ਅਪਣੇ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਉਧਰ ਪੁਲਿਸ ਅਧਿਕਾਰੀਆਂ ਨੇ ਚੌਕੀ ਬਾਹਰ ਲੱਗੇ ਧਰਨੇ ਨੂੰ ਦੇਖਦਿਆਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਕਿ ਜੇਕਰ 11 ਮਾਰਚ ਤੱਕ ਸਖ਼ਤ ਕਾਰਵਾਈ ਨਾ ਹੋਈ ਤਾਂ ਮੁੜ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਪੁਲਿਸ ਕੁੱਝ ਨਹੀਂ ਕਰ ਰਹੀ, ਜਿਸ ਕਾਰਨ ਅੱਕੇ ਲੋਕ ਹੁਣ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਦੇ ਲੋਕਾਂ ਵਲੋਂ ਵਿੱਢੇ ਸੰਘਰਸ਼ਾਂ ’ਚ ਸਾਥ ਦੇਵੇਗੀ।
Share the post "ਨਸ਼ੇੜੀਆਂ ਵਲੋਂ ਨਸ਼ੇ ਦੀ ਪੂਰਤੀ ਲਈ ਕੀਤੀਆਂ ਜਾਂਦੀਆਂ ਚੋਰੀਆਂ ਤੋਂ ਅੱਕੇ ਲੋਕਾਂ ਨੇ ਪੁਲਿਸ ਚੌਕੀ ਘੇਰੀ"