11 Views
ਬਠਿੰਡਾ,13 ਅਕਤੂਬਰ: ਲੰਘੀ 11 ਅਕਤੂਬਰ ਨੂੰ ਪਤੀ ਪਤਨੀ ਦੀ ਹੋਈ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਹੁਣ ਗਰਮਾ ਗਿਆ ਹੈ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਅੱਜ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਕਿਸਾਨ ਯੂਨੀਅਨ ਨਾਲ ਮਿਲਕੇ ਬਠਿੰਡਾ ਦੇ ਸਿਵਲ ਹਸਪਤਾਲ ਅੱਗੇ ਲਗਾਏ ਧਰਨੇ ਵਿੱਚ ਮੁਜਰਿਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।ਇੱਥੇ ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 11 ਅਕਤੂਬਰ ਨੂੰ ਪਿੰਡ ਮਹਿਤਾ ਵਾਸੀ ਮੋਟਰਸਾਈਕਲ ਸਵਾਰ ਪਤੀ ਪਤਨੀ ਸੂਬਾ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਰਣਜੀਤ ਕੌਰ ਪਤਨੀ ਸੂਬਾ ਸਿੰਘ ਦੀ ਜੀਪ ਦੀ ਟੱਕਰ ਨਾਲ ਮੋਤ ਹੋ ਗਈ ਸੀ।
ਮਿਰਤਕ ਸੂਬਾ ਸਿੰਘ ਪਿੰਡ ਕੋਟਸ਼ਮੀਰ ਵਿਖੇ ਮਕਾਨਾਂ ਦੀਆਂ ਚੁਗਾਠਾਂ ਬਣਾਉਣ ਦਾ ਕੰਮ ਕਰਦਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਮ੍ਰਿਤਕ ਜੋੜੀ ਦੇ ਘਰ ਸਿਰਫ ਇਕ 9 ਸਾਲਾਂ ਪੁੱਤਰ ਹੈ ਜੋਂ ਮਾ-ਪਿਊ ਦੀ ਮੌਤ ਤੋਂ ਬਾਅਦ ਯਤੀਮ ਹੋ ਗਿਆ ਹੈ।ਧਰਨੇ ਦੌਰਾਨ ਗੱਲਬਾਤ ਕਰਦਿਆਂ ਮਿਰਤਕ ਦੇ ਚਚੇਰੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਵਲੋਂ ਪਹਿਲਾਂ ਮਾਮੂਲੀ ਧਾਰਾਵਾ ਲਗਾ ਕੇ ਮਾਮਲਾ ਦਰਜ ਕਰ ਲਿਆ ਪ੍ਰੰਤੂ ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ ਧਾਰਾ 304 ਲਗਾਈ ਗਈ ਪਰ ਹੁਣ ਮੁਜਰਿਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਬਠਿੰਡਾ ਦਿਹਾਤੀ ਦੀ ਡੀਐਸਪੀ ਹਿਨਾ ਗੁਪਤਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਜਰਿਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਪਰਵਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਧਰ ਇਸ ਧਰਨੇ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਮਾਨਸਾ, ਡੱਬਵਾਲੀ ਅਤੇ ਬਾਦਲ ਰੋਡ ਵਾਲੇ ਪਾਸਿਉਂ ਆਉਣ ਵਾਲੇ ਟਰੈਫਿਕ ਨੂੰ ਹੋਰਨਾਂ ਰਾਸਤਿਆਂ ਰਾਹੀਂ ਕੱਢਣਾ ਪਿਆ।
Share the post "ਪਤੀ-ਪਤਨੀ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਪਿੰਡ ਵਾਸੀਆਂ ਨੇ ਲਗਾਇਆ ਧਰਨਾ"