1 Views
ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਸੂਬੇ ’ਚ ਸੱਤਾ ਦਾ ਸਟੇਅਰਿੰਗ ਬਦਲਣ ਤੋਂ ਬਾਅਦ ਟ੍ਰਾਂਸਪੋਰਟ ਮਾਫ਼ੀਆ ਵਿਰੁਧ ਵਜ਼ੀਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਿੱਢੀ ਮੁਹਿੰਮ ਤਹਿਤ ਅੱਜ ਸਥਾਨਕ ਡਿਪੂ ’ਚ ਜਨਰਲ ਮੈਨੇਜਰ ਰਮਨ ਸ਼ਰਮਾ ਦੁਆਰਾ ਕੀਤੀ ਚੈਕਿੰਗ ਦੌਰਾਨ ਬਿਨ੍ਹਾਂ ਕਾਗਜ਼ਾਂ ਦੇ ਚੱਲਦੀਆਂ ਚਾਰ ਬੱਸਾਂ ਨੂੰ ਜਬਤ ਕੀਤਾ ਗਿਆ। ਸੂਚਨਾ ਮੁਤਾਬਕ ਹੁਣ ਟ੍ਰਰਾਂਸਪੋਰਟ ਵਿਭਾਗ ਵਲੋਂ ਆਰਟੀਏ ਦੇ ਨਾਲ-ਨਾਲ ਬੱਸ ਅੱਡਿਆਂ ਵਿਚ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਦੇ ਅਧਿਕਾਰ ਸਬੰਧਤ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਵੀ ਦਿੱਤੇ ਗਏ ਹਨ। ਇੰਨ੍ਹਾਂ ਆਦੇਸ਼ਾਂ ਤਹਿਤ ਹੀ ਅੱਜ ਜੀਐਮ ਵਲੋਂ ਇਹ ਮੁਹਿੰਮ ਚਲਾਈ ਗਈ ਸੀ। ਜੀਐਮ ਸ਼੍ਰੀ ਸਰਮਾ ਨੇ ਦਸਿਆ ਕਿ ‘‘ ਚੈਕਿੰਗ ਦੌਰਾਨ ਕਰੀਬ ਦੋ ਦਰਜ਼ਨ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿਚੋਂ ਚਾਰ ਬੱਸਾਂ ਦੇ ਕਾਗਜ਼ ਪੂਰੇ ਨਹੀਂ ਸਨ। ’’ ਉਨ੍ਹਾਂ ਅੱਗੇ ਦਸਿਆ ਕਿ ਜਬਤ ਕੀਤੀਆਂ ਬੱਸਾਂ ਵਿਰੁਧ ਆਰਟੀਏ ਦਫ਼ਤਰ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।