ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਨਾਲ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਜ਼ਿਲ੍ਹਾ ਪੁਲਿਸ ਨੇ ਇੱਕ ਪੁਲਿਸ ਮੁਲਾਜਮ ਸਹਿਤ ਦੋ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਹਾਲੇ ਤੱਕ ਪੁਲਿਸ ਹਿਰਾਸਤ ਤੋਂ ਬਾਹਰ ਹਨ ਪ੍ਰੰਤੂ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਸਬੰਧ ਵਿਚ ਪੁਲਿਸ ਕੋਲ ਬਿੰਦਰ ਸਿੰਘ ਵਾਸੀ ਪਿੰਡ ਰਾਮਸਰਾ ਨੇ ਸਿਕਾਇਤ ਦਿੱਤੀ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਗੁਰਚੇਤ ਸਿੰਘ ਨਾਂ ਦਾ ਇੱਕ ਵਿਅਕਤੀ ਉਸਦਾ ਵਾਕਫ਼ਕਾਰ ਸੀ ਤੇ ਗੁਰਚੇਤ ਸਿੰਘ ਦਾ ਪੁੱਤਰ ਧਰਮਵੀਰ ਸਿੰਘ ਵਾਸੀ ਤਰਨਤਾਰਨ ਪੰਜਾਬ ਪੁਲਿਸ ਦਾ ਮੁਲਾਜਮ ਹੈ। ਕਥਿਤ ਦੋਸ਼ੀ ਨੇ ਅਪਣੇ ਸਾਥੀ ਹਿੰਮਤ ਸਿੰਘ ਦੀ ਮੱਦਦ ਨਾਲ ਉਸਦੇ ਪੁੱਤਰ ਓਮਕਾਰ ਸਿੰਘ ਨੂੰ ਪੁਲਿਸ ’ਚ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਤੇ ਇਸਦੇ ਬਦਲੇ ਸਮੇਂ-ਸਮੇਂ ’ਤੇ 20 ਲੱਖ ਰੁਪਏ ਹੜੱਪ ਲਏ ਪ੍ਰੰਤੂ ਬਾਅਦ ਵਿਚ ਨਾਂ ਤਾਂ ਪੁਲਿਸ ਵਿਚ ਭਰਤੀ ਕਰਵਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਸਿਕਾਇਤਕਰਤਾ ਨੇ ਇਸਦੀ ਸਿਕਾਇਤ ਐਸ.ਐਸ.ਪੀ ਨੂੰ ਕੀਤੀ, ਜਿੰਨ੍ਹਾਂ ਮਾਮਲੇ ਦੀ ਆਰਥਿਕ ਅਪਰਾਧ ਸ਼ਾਖਾ ਕੋਲੋ ਜਾਂਚ ਕਰਵਾਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਇੰਨੇਂ ਨਿੱਡਰ ਸਨ ਕਿ ਉਨ੍ਹਾਂ ਇਹ ਸਾਰੇ ਠੱਗੀ ਦੇ ਪੈਸੇ ਵੱਖ ਵੱਖ ਸਮੇਂ ਅਪਣੇ ਜਾਣਕਾਰਾਂ ਦੇ ਖਾਤਿਆਂ ਵਿਚ ਦੇ ਰਾਹੀਂ ਲਏ। ਪੜਤਾਲ ਤੋਂ ਬਾਅਦ ਰਾਮਾ ਥਾਣੇ ਵਿਚ ਧਰਮਵੀਰ ਸਿੰਘ ਤੇ ਹਿੰਮਤ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।
Share the post "ਪੁਲਿਸ ’ਚ ਭਰਤੀ ਦੇ ਨਾਂ ’ਤੇ ਪੁਲਿਸ ਮੁਲਾਜਮ ਵਲੋਂ 20 ਲੱਖ ਦੀ ਠੱਗੀ, ਪਰਚਾ ਦਰਜ਼"