ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਮਜਦੂਰਾਂ ਨੇ ਆਪ ਵਿਧਾਇਕ ਦੇ ਘਰ ਅੱਗੇ ਲਗਾਇਆ ਧਰਨਾ

0
8

ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ ਦਿੱਤੇ ਸੱਦੇ ਤਹਿਤ ਅੱਜ ਹਲਕਾ ਭੁੱਚੋ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਦੇ ਘਰ ਅੱਗੇ ਮਜਦੂਰਾਂ ਵਲੋਂ ਧਰਨਾ ਲਗਾਇਆ ਗਿਆ। ਮਜਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੌਜੂਦਾ ਸਰਕਾਰ ’ਤੇ ਦੋਸ਼ ਲਗਾਇਆ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਆਪ ਸਰਕਾਰ ਵਲੋਂ ਹਾਮੀ ਭਰਨ ਦੇ ਬਾਵਜੂਦ ਅਮਲ ਵਿੱਚ ਲਾਗੂ ਨਹੀਂ ਕੀਤਾ ਗਿਆ। ਇਸਦੇ ਉਲਟ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਅੱਗੇ ਸ਼ਾਂਤਮਈ ਧਰਨੇ ਦੇਣ ਗਏ ਮਜਦੂਰਾਂ ’ਤੇ ਲਾਠੀਚਾਰਜ਼ ਕਰਵਾਇਆ ਗਿਆ। ਜਿਸਦੇ ਚੱਲਦੇ ਮਜ਼ਦੂਰਾਂ ਦੇ ਮਨਾਂ ਵਿੱਚ ਆਪ ਸਰਕਾਰ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਜਦੂਰ ਆਗੂਆਂ ਨੇ ਦੋਸ਼ ਲਗਾਇਆ ਕਿ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ਾ ਵਜੋਂ ਜਿਆਦਾਤਰ ਰਾਸ਼ੀ ਉਹਨਾਂ ਲੋਕਾਂ ਨੂੰ ਦਿੱਤੀ ਗਈ, ਜਿੰਨ੍ਹਾਂ ਨੇ ਕਦੇ ਖੇਤ ਦਾ ਮੂੰਹ ਨੀ ਦੇਖਿਆ ਸੀ। ਪਰੰਤੂ ਜਿੰਨ੍ਹਾਂ ਨੇ ਨਰਮਾ ਚੁਗਿਆ ਉਹ ਲੋਕ ਮੁਆਵਜ਼ੇ ਤੋ ਵਾਂਝੇ ਰਹਿ ਗਏ। ਮਜਦੂਰ ਆਗੂਆਂ ਨੇ ਮੰਗ ਕੀਤੀ ਕਿ ਯੋਗ ਮਜਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਆਬਾਦ ਕੀਤੀਆਂ ਜਮੀਨਾਂ ਸਮੇਤ ਪੰਚਾਇਤੀ ਤੇ ਸ਼ਾਮਲਾਟੀ ਥਾਵਾਂ/ਜ਼ਮੀਨਾਂ ਉੱਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਪਹਿਲਾਂ ਕੱਟੇ ਹੋਏ ਪਲਾਟਾਂ ਦੇ ਤੁਰੰਤ ਕਬਜ਼ੇ ਦੁਆਏ ਜਾਣ।ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪਲਾਟ ਦੇਣ ਲਈ ਮਤੇ ਪਾਏ ਹੋਏ ਹਨ ਉਨ੍ਹਾਂ ’ਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਸਾਲ 2022 ਦੇ ਅੰਤ ਤੱਕ ਹਰ ਪੱਖ ਤੋਂ ਮੁਕੰਮਲ ਕਰਕੇ ਇਥੇ ਵਸਦੇ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ, ਇਸੇ ਤਰ੍ਹਾਂ ਮਜ਼ਦੂਰਾਂ ਸਮੇਤ ਬੇਜ਼ਮੀਨੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਜਾਣ ਤੇ ਕੱਟੇ ਕਾਰਡ ਮੁੜ ਚਾਲੂ ਕੀਤੇ ਜਾਣ। ਇਸ ਮੌਕੇ ਮਜਦੂਰ ਆਗੂਆਂ ਵਲੋਂ ਬੀ ਡੀ ਪੀ ਓ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਧਰਨੇ ਨੂੰ ਬਲਜਿੰਦਰ ਕੌਰ ਭੁੱਚੋ ਖੁਰਦ, ਪੰਮੀ ਕੌਰ ਭੁੱਚੋ ਖੁਰਦ, ਸਿਮਰਜੀਤ ਕੌਰ ਖਿਆਲੀ ਵਾਲਾ, ਰਾਜਵੀਰ ਕੌਰ, ਸੰਦੀਪ ਕੌਰ, ਬਿੰਦਰ ਕੌਰ, ਕਰਮ ਸਿੰਘ ਖਿਆਲੀ ਵਾਲਾ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here