ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ –ਅਪਣੀਆਂ ਮੰਗਾਂ ਨੂੰੂ ਲੈ ਕੇ ਸੰਘਰਸ਼ ਕਰ ਰਹੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕਾਂ ਨੇ ਹੁਣ 25 ਅਗਸਤ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਅੱਜ ਇਸ ਸਬੰਧ ਵਿਚ ਯੂਨੀਅਨ ਦੇ ਸਰਪ੍ਰਸਤ ਗੁਰਜੀਵਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਮੀਟਿੰਗ ਵਿਚ ਜਿਲ੍ਹਾ ਪੱਧਰੀ ਰੋਸ਼ ਧਰਨਾ ਦਿੰਦਿਆਂ ਚੰਡੀਗੜ੍ਹ ਵਾਲੇ ਰੋਸ ਮਾਰਚ ਦੀ ਲਾਮਬੰਦੀ ਕੀਤੀ ਗਈ। ਦਸਣਾ ਬਣਦਾ ਹੈ ਕਿ ਪੰਚਾਇਤ ਸਕੱਤਰ ਤੇ ਗ੍ਰਾਂਮ ਸੇਵਕ ਲੰਘੀ 22 ਜੁਲਾਈ ਤੋਂ ਲਗਾਤਾਰ ਕਲਮਛੋੜ ਹੜਤਾਲ ’ਤੇ ਚੱਲ ਰਹੇ ਹਨ ਜਿਸ ਕਾਰਨ ਪਿਛਲੇ ਇੱਕ ਮਹੀਨੇ ਤੋਂ ਪਿੰਡਾਂ ਵਿੱਚ ਵਿਕਾਸ ਕਾਰਜ ਬੰਦ ਹਨ। ਪ੍ਰੰਤੂ ਸਰਕਾਰ ਇਸ ਮਾਮਲੇ ਵਿਚ ਚੁੱਪ ਹੈ। ਯੂਨੀਅਨ ਆਗੂ ਗੁਰਜੀਵਨ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਸਰਕਾਰ ਇਨਸਾਫ਼ ਦੇਣ ਤੋਂ ਭੱਜ ਰਹੀ ਹੈ। ਯੂਨੀਅਨ ਦੇ ਪ੍ਰੈੱਸ ਸਕੱਤਰ ਪਰਮਜੀਤ ਭੁੱਲਰ ਨੇ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ, ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਪੰਚਾਇਤ ਅਫਸਰ/ਸਮਾਜਿਕ ਸਿੱਖਿਆ ਅਫਸਰ ਦਾ ਗ੍ਰੇਡ ਦਸ ਸਾਲ ਦੀ ਸਰਵਿਸ ਤੋਂ ਬਆਦ ਬੀ.ਡੀ.ਪੀ.ਓ ਦਾ ਗ੍ਰੇਡ ਤੇ ਤੱਰਕੀਆਂ ਦਾ ਬਣਦਾ 100 ਪ੍ਰਤੀਸ਼ਤ ਕੋਟਾ ਦੇਣ ਤੋਂ ਇਲਾਵਾ ਸੰਮਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਖਜਾਨੇ ਵਿੱਚੋਂ ਤੇ ਸੀ.ਪੀ.ਐਫ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੱਟਣਾ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ ਮੌੜ, ਧਰਮਿੰਦਰ ਸਿੰਘ ਮੌੜ, ਅਰਵਿੰਦ ਗਰਗ ਗੋਨਿਆਣਾ, ਰੇਸ਼ਮ ਸਿੰਘ ਗੋਨਿਆਣਾ, ਨਾਜ਼ਮ ਸਿੰਘ ਨਥਾਣਾ, ਰੁਪਿਦੰਰ ਸਿੰਘ ਨਥਾਣਾ, ਸ਼ਿਵਰਾਜ ਸਿੰਘ ਭਗਤਾ, ਕਿਰਨਜੀਤ ਭਗਤਾ, ਆਰਤੀ ਰਾਣੀ ਰਾਮਪੁਰਾ, ਸਵਰਨ ਸਿੰਘ ਰਾਮਪੁਰਾ, ਅਮਨਦੀਪ ਸਿੰਘ ਫੂਲ, ਪ੍ਰਕਾਸ਼ ਸਿੰਘ ਫੂਲ, ਰਾਜਿੰਦਰ ਸਿੰਘ ਤਲਵੰਡੀ ਸਾਬੋ, ਗੁਰਕੀਰਤ ਸਿੰਘ ਤਲਵੰਡੀ ਸਾਬੋ, ਭੋਲਾ ਸਿੰਘ ਬਠਿੰਡਾ, ਜਸਮੇਲ ਸਿੰਘ ਬਠਿੰਡਾ ਆਦਿ ਹਾਜ਼ਰ ਸਨ।
ਪੰਚਾਇਤ ਸਕੱਤਰ ਯੂਨੀਅਨ 25 ਨੂੰ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ
6 Views