ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਅਧੀਨ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਦੇ ਕਾਨੂੰਨ ਵਿਭਾਗ ਅਤੇ ਕਾਨੂੰਨੀ ਸਹਾਇਤਾ ਕੇਂਦਰ ਵੱਲੋਂ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਲੜੀ ਤਹਿਤ ਸਰਕਾਰੀ ਸਕੂਲ ਨੰਦਗੜ੍ਹ ਅਤੇ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ, ਨੰਦਗੜ੍ਹ ਵਿਖੇ ਕਾਨੂੰਨੀ ਸਾਖਰਤਾ ਕੈਂਪ ਲਗਾਇਆ ਗਿਆ।ਇਸ ਪ੍ਰੋਗਰਾਮ ਦੌਰਾਨ ਸੀਯੂਪੀਬੀ ਦੇ ਕਾਨੂੰਨ ਵਿਭਾਗ ਦੇ ਫੈਕਲਟੀ, ਖੋਜ ਵਿਦਵਾਨਾਂ ਅਤੇ ਐਲਐਲਐਮ ਦੇ ਵਿਦਿਆਰਥੀਆਂ ਨੇ ਭਾਗੀਦਾਰਾਂ ਨੂੰ ਤੇਜਾਬੀ ਹਮਲੇ, ਔਰਤਾਂ ਨਾਲ ਜਿਨਸੀ ਦੁਰਵਿਵਹਾਰ, ਛੇੜ-ਛਾੜ ਅਤੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਵਰਗੇ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਕਾਨੂੰਨੀ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਕਾਨੂੰਨੀ ਸਾਖਰਤਾ ਕੈਂਪ ਦੌਰਾਨ ਸੀਯੂਪੀਬੀ ਦੇ ਕਾਨੂੰਨ ਵਿਭਾਗ ਦੇ ਵਾਲੰਟੀਅਰਾਂ ਆਕਾਂਕਸਾ ਵਰਮਾ, ਮੁਹੰਮਦ ਕੈਫ, ਮੁਕੇਸ ਕੁਮਾਰ ਡੂਡੀ, ਗੁਰਮਨ ਜੀਤ ਕੌਰ, ਸਿਵਾਂਗੀ ਦੱਤ, ਸੋਬੀਆ ਕੋਸਰ, ਜਗਮਨਦੀਪ ਸਿੰਘ, ਗੌਰਵ ਕੁਮਾਰ, ਤਪੇਸ ਮੇਘਵਾਲ, ਸੰਜੀਵ ਕੁਮਾਰ ਅਤੇ ਅਲੋਕ ਕੁਮਾਰ ਕੁਸਵਾਹਾ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਪ੍ਰੋਗਰਾਮ ਦੇ ਅੰਤ ਵਿੱਚ ਸੀਯੂਪੀਬੀ ਦੇ ਸਕੂਲ ਆਫ ਲੀਗਲ ਸਟਡੀਜ਼ ਦੇ ਡੀਨ ਪ੍ਰੋ. ਤਰੁਣ ਅਰੋੜਾ ਨੇ ਵਿਚੋਲਗੀ ਕੇਂਦਰਾਂ ਅਤੇ ਲੋਕ ਅਦਾਲਤਾਂ ਰਾਹੀਂ ਝਗੜਿਆਂ ਦਾ ਜਲਦੀ ਨਿਪਟਾਰਾ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਵਿੱਚ ਕਾਨੂੰਨੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਲੀਗਲ ਏਡ ਸੈਂਟਰ ਆਉਣ ਵਾਲੇ ਦਿਨਾਂ ਵਿੱਚ ਸੰਵਿਧਾਨ ਸਾਖਰਤਾ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਦੀ ਲੜੀ ਸੁਰੂ ਕਰਨ ਜਾ ਰਿਹਾ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਕਾਨੂੰਨੀ ਸਾਖਰਤਾ ਕੈਂਪ ਆਯੋਜਿਤ
17 Views