ਪੰਜਾਬ ਨੂੰ ਆਉਣ ਵਾਲੀਆਂ ਚੁਨੌਤੀਆਂ ਤੋਂ ਬਚਾਉਣ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ : ਮਨੀਸ਼ ਤਿਵਾੜੀ

0
3
8 Views

ਸੰਸਦ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ਚ ਕੀਤਾ ਵਿਦਿਆਰਥੀਆਂ ਨੂੰ ਸੰਬੋਧਨ
ਕਿਹਾ, ਆਉਣ ਵਾਲੇ ਕੁਝ ਸਾਲ ਪੰਜਾਬ ਦਾ ਭਵਿੱਖ ਕਰਨਗੇ ਤੈਅ, ਲੋਕਾਂ ਨੂੰ ਹੋਣਾ ਹੋਵੇਗਾ ਜਾਗਰੂਕ
ਕਾਲਜ ਨੂੰ ਐਮ.ਪੀ. ਲੈਡਸ ਫੰਡਸ ਤੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਕੀਤੀ ਘੋਸ਼ਣਾ
ਸੁਖਜਿੰਦਰ ਮਾਨ
ਮਾਹਿਲਪੁਰ (ਹੁਸ਼ਿਆਰਪੁਰ) 4 ਦਸੰਬਰ 2021: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਦੇਸ਼ ਦੇ ਸਾਹਮਣੇ ਅੱਜ ਬਹੁਤ ਚੁਨੌਤੀਆਂ ਹਨ ਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਸਾਡੇ ਅਧਿਕਾਰਾਂ ਦੀ ਘਾਣ ਕਰ ਰਹੀ ਹੈ, ਅਜਿਹੇ ਸਮੇਂ ਵਿਚ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਜਿਸ ਤਰ੍ਹਾਂ ਸੂਬੇ ਦੇ ਨੌਜਵਾਨਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਪੰਜਾਬ ਦੀਆਂ ਆਉਣ ਵਾਲੀਆਂ ਚੁਨੌਤੀਆਂ ਦਾ ਵੀ ਡੱਟ ਕੇ ਸਾਹਮਣਾ ਕਰਨਾ ਪਵੇਗਾ। ਉਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਚ ਪੰਜਾਬ ਯੂਨੀਵਰਸਿਟੀ ਦੇ ਜੋਨਲ ਯੁਵਕ ਤੇ ਵਿਰਾਸਤੀ ਮੇਲੇ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਵਿਚ ਉਨ੍ਹਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਾਲਜ ਨੂੰ ਐਮ.ਪੀ. ਲੈਡਸ ਫੰਡ ਵਿਚੋਂ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ।
ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਨੌਜਵਾਨਾਂ ਦੇ ਇਸ ਇਕੱਠ ਨੂੰ ਦੇਖ ਕੇ ਉਨ੍ਹਾਂ ਨੂੰ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਕਾਲਜ ਤੋਂ ਨਿਕਲੇ ਵਿਦਿਆਰਥੀਆਂ ਨੇ ਆਪਣੀ ਪ੍ਰਤੀਭਾ ਦਾ ਲੋਹਾ ਮਨਵਾ ਕੇ ਦੇਸ਼ ਵਿਦੇਸ਼ ਵਿਚ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯੁਵਕ ਤੇ ਵਿਰਾਸਤੀ ਮੇਲੇ ਸਾਨੂੰ ਆਪਣੇ ਸਭਿਆਚਾਰ ਤੇ ਵਿਰਾਸਤ ਦੀ ਯਾਦ ਦਿਵਾਉਂਦੇ ਹਨ। ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਪਹਿਲ ਕਰਨੀ ਹੋਵੇਗੀ, ਕਿਉਂਕਿ ਆਉਣ ਵਾਲੇ ਕੁਝ ਸਾਲ ਪੰਜਾਬ ਦਾ ਭਵਿੱਖ ਤੈਅ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਜਦ ਕਿਸਾਨਾਂ ਦੇ ਅਧਿਕਾਰਾਂ ਦੀ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਪੂਰਾ ਪੰਜਾਬ ਪਾਰਟੀਬਾਜੀ ਛੱਡ ਕੇ ਇਕਜੁਟ ਹੋ ਕੇ ਕਿਸਾਨਾਂ ਨਾਲ ਖੜ੍ਹਾ ਹੋਇਆ ਅਤੇ ਕੇਂਦਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ। ਇਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਿੱਤਾਂ ਤੇ ਦੇਸ਼ ਵਿਚ ਲੋਕਤੰਤਰ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਖੜ੍ਹਾ ਹੋਣਾ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਰੀਬਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਬਹੁਤ ਹੀ ਘੱਟ ਸਮੇਂ ਵਿਚ ਸਾਰੇ ਵਰਗਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦ ਤੱਕ ਉਸ ਦੇ ਸਾਧਨ ਅਤੇ ਖਰਚੇ ਮੇਲ ਨਹੀਂ ਖਾਂਦੇ। ਇਸ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਆਪਣੇ ਲੋਕ ਪ੍ਰਤੀਨਿੱਧੀਆਂ ਤੇ ਨੇਤਾਵਾਂ ਨਾਲ ਵੀ ਸਵਾਲ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਹੈ।
ਉਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲੋਕ ਸਭਾ ਵਿਚ ਮੰਗ ਰੱਖੀ ਸੀ ਕਿ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਹਰ ਕਿਸਾਨ ਦੇ ਪਰਿਵਾਰ ਨੂੰ ਕੇਂਦਰ ਸਰਕਾਰ 5 ਕਰੋੜ ਰੁਪਏ ਆਰਥਿਕ ਸਹਾਇਤਾ ਤੇ ਇਕ ਸਰਕਾਰੀ ਨੌਕਰੀ ਦੇਵੇ, ਪਰੰਤੂ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਸ਼ਹੀਦ ਕਿਸਾਨਾਂ ਦੇ ਅੰਕੜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਹਿੱਤ ਵਿਚ ਫੈਸਲਾ ਲੈਂਦੇ ਹੋਏ ਨਾ ਸਿਰਫ ਪੀੜਤ ਕਿਸਾਨ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ, ਬਲਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੀ ਸੌਂਪੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ। ਇਸ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਵਲੋਂ ਸੰਸਦ ਮਨੀਸ਼ ਤਿਵਾੜੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਿੱਖ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਮੈਨੇਜਰ ਇੰਦਰਜੀਤ ਸਿੰਘ, ਸਕੱਤਰ ਗੁਰਿੰਦਰ ਸਿੰਘ ਬੈਂਸ, ਸਕੱਤਰ ਗੁਰਮੇਲ ਸਿੰਘ ਗਿੱਲ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰੋ: ਪਰਵਿੰਦਰ ਸਿੰਘ, ਹਰਪਾਲ ਸਿੰਘ ਹਰਪੁਰਾ, ਦਲਜੀਤ ਸਹੋਤਾ, ਪੰਜਾਬ ਲਾਰਜ ਇੰਡਸਟਰੀਅਲ ਡੇਵਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਹਰਬੰਸ ਸਿੰਘ, ਸੁਰਿੰਦਰ ਪਾਲ ਸਿੰਘ, ਪ੍ਰਿੰਸੀਪਲ ਪ੍ਰੀਤ ਮਹਿੰਦਰ, ਪ੍ਰੋ: ਜੇ.ਬੀ. ਸੇਖੋਂ, ਪਵਨਦੀਪ ਕੌਰ ਚੀਮਾ, ਸਰਵਨ ਸਿੰਘ, ਗੁਰਦੇਵ ਸਿੰਘ ਗਿੱਲ, ਅਰਜੁਨ ਅਵਾਰਡੀ ਪ੍ਰੋ: ਰਾਕੇਸ਼ ਕੁਮਾਰ, ਪ੍ਰੋ: ਵਿਮਲਾ ਜਸਵਾਲ, ਵਰਿੰਦਰ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

LEAVE A REPLY

Please enter your comment!
Please enter your name here