ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਜੁਲਾਈ : ਵੀਰਵਾਰ ਦੀ ਦੇਰ ਰਾਤ ਨੂੰ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ’ਚ ਸੁਨਿਆਰਿਆਂ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ ਕੀਤੀ ਪੜਤਾਲ ਤੋਂ ਬਾਅਦ ਥਾਣਾ ਮੋੜ ਵਿਖੇ ਦਰਜ਼ ਮੁਕੱਦਮੇ ਵਿਚ ਗੈਂਗਸਟਰ ਅਰਸ ਡਾਲਾ, ਸੰਦੀਪ ਢਿੱਲੋਂ, ਹੈਰੀ ਮੌੜ, ਬਲਜੀਤ ਸਿੰਘ, ਕਰਨਵੀਰ ਕੰਨੂੰ ਸਹਿਤ ਕੁੱਲ ਅੱਠ ਜਣਿਆਂ ਨੂੰ ਨਾਮਜਦ ਕੀਤਾ ਹੈ। ਇਸ ਸਬੰਧ ਵਿਚ ਪਹਿਲਾਂ ਹੀ ਥਾਣਾ ਮੋੜ ਦੀ ਪੁਲਿਸ ਵਲੋਂ ਦੁਕਾਨ ਦੇ ਮਾਲਕ ਗੁਰਸੇਵਕ ਸਿੰਘ ਦੇ ਬਿਆਨਾਂ ਉਪਰ ਧਾਰਾ 307,385,506, 25,27,54,59 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਨਾਮਜਦ ਕੀਤੇ ਵਿਅਕਤੀਆਂ ਵਿਚੋਂ ਕਰਨਵੀਰ ਕੰਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨੇ ਉਕਤ ਨੌਜਵਾਨ ਕੋਲੋਂ 30 ਬੋਰ ਦਾ ਇੱਕ ਨਜਾਇਜ਼ ਪਿਸਤੌਲ ਵੀ ਬਰਾਮਦ ਕੀਤਾ ਹੈ। ਜਦ ਕਿ ਇਸ ਘਟਨਾ ਨੂੰ ਅੰਜਾਮ ਇੱਕ ਹੋਰ ਨੌਜਵਾਨ ਵਲੋਂ 32 ਬੋਰ ਦੇ ਪਿਸਤੌਲ ਨਾਲ ਦਿੱਤਾ ਗਿਆ ਸੀ, ਜਿਸਦਾ ਨਾਮ ਹਾਲੇ ਤੱਕ ਜਨਤਕ ਨਹੀਂ ਕੀਤਾ ਜਾ ਗਿਆ ਹੈ। ਮੁਢਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਏ ਕੰਨੂੰ ਨੇ ਇਸ ਕਾਂਡ ਵਿਚ ਰੈਕੀ ਕੀਤੀ ਸੀ। ਇਸੇ ਤਰ੍ਹਾਂ ਹੈਰੀ ਮੌੜ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਮੁਹੱਈਆ ਕਰਵਾਇਆ ਸੀ। ਜਦ ਕਿ ਦੁਬਈ ਬੈਠੇ ਬਲਜੀਤ, ਜੋਕਿ ਹੈਰੀ ਮੌੜ ਦਾ ਸਕਾ ਭਰਾ ਦਸਿਆ ਜਾ ਰਿਹਾ ਹੈ, ਨੇ ਉਕਤ ਸੁਨਿਆਰਿਆਂ ਨੂੰ ਕੁੱਝ ਦਿਨ ਪਹਿਲਾਂ 25 ਲੱਖ ਦੀ ਫ਼ਿਰੌਤੀ ਦੇਣ ਲਈ ਫ਼ੌਨ ਕੀਤਾ ਸੀ। ਸੂਤਰਾਂ ਅਨੁਸਾਰ ਇਸ ਕਾਂਡ ਦਾ ਇੱਕ ਹੋਰ ਸਾਜਸ਼ਕਰਤਾ ਸੰਦੀਪ ਢਿੱਲੋਂ ਵੀ ਦੁਬਈ ਬੈਠਾ ਹੈ, ਜਿਸਦੇ ਅੱਗੇ ਗੈਂਗਸਟਰ ਅਰਸ ਡਾਲਾ ਨਾਲ ਸੰਪਰਕ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈਰੀ ਮੌੜ ਪਿਛਲੇ ਇੱਕ ਸਾਲ ਤੋਂ ਫ਼ਰਾਰ ਦਸਿਆ ਜਾ ਰਿਹਾ ਹੈ। ਉਸਦਾ ਨਾਮ ਭੁੱਚੋਂ ਨਜਦੀਕ ਹੋਏ ਦੂਹਰੇ ਕਤਲ ਕਾਂਡ ਵਿਚ ਵੀ ਬੋਲਦਾ ਹੈ। ਗ੍ਰਿਫਤਾਰ ਕੀਤੇ ਕਰਨਵੀਰ ਵਿਰੁਧ ਵੀ ਕੁੱਝ ਪਰਚੇ ਦਰਜ਼ ਹੈ। ਇਸੇ ਤਰ੍ਹਾਂ ਜਿਸ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸਦਾ ਵੀ ਅਪਰਾਧਕ ਪਿਛੋਕੜ ਹੈ। ਘਟਨਾ ਸਮੇਂ ਇਸ ਨੌਜਵਾਨ ਨੇ ਮੋਟਰਸਾਈਕਲ ਨੂੰ ਪਿੱਛੇ ਲਗਾ ਕੇ ਬੰਦ ਵੀ ਪ੍ਰੇਮੀ ਜਵੈਲਰਜ਼ ਦੀ ਦੁਕਾਨ ਉਪਰ ਫ਼ਾਈਰਿੰਗ ਕੀਤੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦਾ ਮਕਸਦ ਉਕਤ ਜਵੈਲਰੀ ਸ਼ਾਪ ਦੇ ਮਾਲਕਾਂ ਨੂੰ ਡਰਾਉਣਾ ਸੀ ਕਿ ਜੇਕਰ ਫ਼ਿਰੌਤੀ ਨਾ ਦਿੱਤੀ ਤਾਂ ਉਨ੍ਹਾਂ ਉਪਰ ਵੀ ਗੋਲੀਆਂ ਚੱਲ ਸਕਦੀਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁਲਿਸ ਇਸ ਮਾਮਲੇ ਵਿਚ ਜਲਦੀ ਹੀ ਗੋਲੀਆਂ ਚਲਾਉਣ ਵਾਲੇ ਨੌਜਵਾਨ ਅਤੇ ਕੁੱਝ ਹੋਰਨਾਂ ਨੂੰ ਗ੍ਰਿਫਤਾਰ ਕਰਕੇ ਇਸ ਕਾਂਡ ਦਾ ਪਰਦਾਫ਼ਾਸ ਕਰ ਸਕਦੀ ਹੈ। ਦਸਣਾ ਬਣਦਾ ਹੈ ਕਿ ਇਹ ਦੁਕਾਨ ਗੁਰਸੇਵਕ ਸਿੰਘ ਅਤੇ ਜਸਵਿੰਦਰ ਸਿੰਘ ਨਾਂ ਦੇ ਭਰਾਵਾਂ ਵਲੋਂ ਚਲਾਈ ਜਾ ਰਹੀ ਹੈ, ਜਿੰਨ੍ਹਾਂ ਪੁਲਿਸ ਨੂੰ ਦਸਿਆ ਸੀ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਨੂੰ 25 ਲੱਖ ਦੀ ਫ਼ਿਰੌਤੀ ਦੇਣ ਲਈ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਨੂੰ ਇੱਕ ਸੁਰੱਖਿਆ ਕਰਮਚਾਰੀ ਵੀ ਦਿੱਤਾ ਹੋਇਆ ਸੀ। ਦਸਣਾ ਬਣਦਾ ਹੈ ਕਿ ਗੋਲੀ ਕਾਂਡ ਤੋਂ ਬਾਅਦ ਮੰਡੀ ਵਾਸੀਆਂ ਵਿਚ ਗੁੱਸੇ ਦੀ ਲਹਿਰ ਫ਼ੈਲ ਗਈ ਸੀ, ਜਿਸ ਕਾਰਨ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਮੰਡੀ ਵਿਚ ਧਰਨਾ ਵੀ ਦਿੱਤਾ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਵੀ ਸੀਆਈਏ-1 ਅਤੇ 2 ਸਹਿਤ ਸਪੈਸ਼ਲ ਸਟਾਫ਼, ਮੋੜ ਪੁਲਿਸ ਆਦਿ ਦੀ ਟੀਮਾਂ ਬਣਾ ਕੇ ਪੜਤਾਲ ਕੀਤੀ ਜਾ ਰਹੀ ਹੈ।
Share the post "ਫ਼ਿਰੌਤੀ ਲਈ ਸੁਨਿਆਰੇ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਗੈਂਗਸਟਰ ਅਰਸ ਡਾਲਾ ਸਹਿਤ ਅੱਠ ਨਾਮਜਦ, ਇੱਕ ਗ੍ਰਿਫਤਾਰ"