ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਮਨਾਉਣ ਅਤੇ ਲਾਗੂ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਕਿਸਾਨ ਆਗੂਆਂ ਦੀ ਮੁੱਖ ਮਤਰੀ ਨਾਲ ਰੱਖੀ ਮੀਟਿੰਗ ਵਿਚ ਸਾਜ਼ਗਾਰ ਨਤੀਜ਼ੇ ਸਾਹਮਣੇ ਆਉਣ ਦੀ ਉਮੀਦ ਸੀ ਪ੍ਰੰਤੂ ਅਗਲੀ ਮੀਟਿੰਗ 30 ਦਸੰਬਰ ਨੂੰ ਮੁੜ ਰੱਖੇ ਜਾਣ ਦੇ ਕਾਰਨ ਇਹ ਧਰਨੇ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਉਧਰ ਅੱਜ ਦੀ ਸਟੇਜ ਤੋਂ ਮੁੱਖ ਬੁਲਾਰਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਸੂਬਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਔਰਤ ਜਥੇਬੰਦੀ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਨਾਲ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕੁਝ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਪਰ ਇਨ੍ਹਾਂ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਅਤੇ ਰਹਿੰਦੀਆਂ ਮੰਗਾਂ ਸਬੰਧੀ ਸੰਘਰਸ਼ ਹੋਰ ਤੇਜ਼ ਕਰਨ ਅਤੇ ਲਗਾਤਾਰ ਇਸ ’ਤੇ ਪਹਿਰਾ ਰੱਖਣ ਦੀ ਲੋੜ ਹੈ। ਜਿਸਦੇ ਚੱਲਦੇ ਇਹ ਧਰਨੇ ਜਾਰੀ ਰਹਿਣਗੇ।
ਬਾਕਸ
ਸਕੱਤਰੇਤ ਦੇ ਘਿਰਾਓ ਦੀ ਅਫ਼ਵਾਹ ਨੇ ਸਰਕਾਰੀ ਦਫ਼ਤਰ ਕੀਤੇ ਖ਼ਾਲੀ
ਬਠਿੰਡਾ: ਉਧਰ ਕਰੀਬ ਸਾਢੇ 11 ਵਜੇਂ ਕਿਸਾਨਾਂ ਵਲੋਂ ਮੁੜ ਮਿੰਨੀ ਸਕੱਤਰੇਤ ਦੇ ਘਿਰਾਓ ਦੀ ਝੂਠੀ ਅਫ਼ਵਾਹ ਨੇ ਸਕੱਤਰੇਤ ਖ਼ਾਲੀ ਕਰਵਾ ਦਿੱਤਾ। ਦੁਪਿਹਰ ਤੋਂ ਪਹਿਲਾਂ ਹੀ 90 ਫ਼ੀਸਦੀ ਤੋਂ ਵੱਧ ਮੁਲਾਜਮ ਤੇ ਅਫ਼ਸਰ ਸਕੱਤਰੇਤ ਖ਼ਾਲੀ ਕਰਕੇ ਚਲੇ ਗਏ। ਇੱਥੋਂ ਤੱਕ ਕਿ ਚੋਣ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਰੱਖੀ ਮੀਟਿੰਗ ਵੀ ਜ਼ਿਲ੍ਹਾ ਪ੍ਰੀਸ਼ਦ ਵਿਚ ਕੀਤੀ ਗਈ। ਪ੍ਰੰਤੂ ਸਕੱਤਰੇਤ ਖਾਲੀ ਹੋਣ ਦੇ ਮਾਮਲੇ ਨੂੰ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਕਾਰਨ ਮੁਲਾਜਮ ਤੇ ਅਫ਼ਸਰ ਨਾ ਮਿਲਣ ਕਾਰਨ ਦੂਰ-ਦੁਰਾਡੇ ਤੋਂ ਆਏ ਆਮ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਣਾ ਪਿਆ।
ਬਠਿੰਡਾ ’ਚ ਕਿਸਾਨਾਂ ਦਾ ਧਰਨਾ ਜਾਰੀ
9 Views