ਆਈਲੇਟਸ ਕੇਂਦਰਾਂ ਦਾ ਗੜ੍ਹ ਹੋਣ ਕਾਰਨ ਇਲਾਕੇ ਵਿਚ ਪੀਜੀਆਂ ਦੀ ਭਰਮਾਰ
ਗੈਰ ਸਮਾਜੀ ਅਨਸਰ ਦੇ ਚੁੱਕੇ ਹਨ ਮਾੜੀਆਂ ਘਟਨਾਵਾਂ ਨੂੰ ਅੰਜਾਮ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਸ਼ਹਿਰ ਦੇ ਆਈਲੇਟਸ ਇੰਸਟੀਚਿਉਟ ਦਾ ਹੱਬ ਮੰਨੇ ਜਾਣ ਵਾਲੇ ਅਜੀਤ ਰੋਡ ਇਲਾਕੇ ਵਿਚ ਅੱਜ ਪੁਲਿਸ ਵਲੋਂ ਦਿਨ ਚੜ੍ਹਣ ਤੋਂ ਪਹਿਲਾਂ ਹੀ ਘੇਰ ਕੇ ਤਲਾਸ਼ੀ ਲਈ ਗਈ। ਆਈਲੇਟਸ ਕੇਂਦਰ ਹੋਣ ਕਾਰਨ ਇੱਥੇ ਲਗਭਗ ਹਰ ਤੀਜ਼ੇ ਘਰ ਵਿਚ ਦੂਰ-ਦੁਰਾਡੇ ਤੋਂ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਲਈ ਪੀਜੀ ਬਣੇ ਹੋਏ ਹਨ, ਜਿੱਥੇ ਬਿਨ੍ਹਾਂ ਪੁਲਿਸ ਤੋਂ ਵੈਰੀਫ਼ਾਈ ਕਰਵਾਏ ਗੈਰ ਸਮਾਜੀ ਅਨਸਰਾਂ ਨੂੰ ਵੀ ਰੱਖਣ ਦੀ ਸਿਕਾਇਤਾਂ ਆਉਂਦੀਆਂ ਹਨ, ਜਿੰਨ੍ਹਾਂ ਵਲੋਂ ਕਈ ਵਾਰ ਇਲਾਕੇ ਵਿਚ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਅੱਜ ਸਵੇਰੇ ਹੀ ਐਸਐਸਪੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਭਾਰੀ ਤਾਦਾਦ ਵਿਚ ਪੁੱਜੀ ਪੁਲਿਸ ਨੇ ਅਜੀਤ ਰੋਡ ’ਤੇ ਪੇਇੰਗ ਗੈਸਟ(ਪੀਜੀ) ਦੀ ਅਚਨਚੇਤ ਚੈਕਿੰਗ ਕਰਦਿਆਂ ਇਸ ਦੌਰਾਨ ਉਥੇ ਰਹਿੰਦੇ ਲੜਕੇ-ਲੜਕੀਆਂ ਦੀ ਵੈਰੀਫਿਕੇਸ਼ਨ ਕੀਤੀ। ਪੁੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਚੈਕਿੰਗ ਦੌਰਾਨ ਇੰਨ੍ਹਾਂ ਪੀਜੀ ਵਿਚ ਰਹਿ ਰਹੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਇਲਾਵਾ ਪੀਜੀ ਮਾਲਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਰਵਾਈ ਰਜਿਸਟੇਰਸ਼ਨ ਵੀ ਚੈਕ ਕੀਤੀ ਗਈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੀਜੀ ਮਾਲਕਾਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਕਿ ਉਹ ਪੀਜੀ ਵਿਚ ਰਹਿਣ ਵਾਲੇ ਹਰੇਕ ਵਿਦਿਆਰਥੀ ਦੇ ਦਸਤਾਵੇਜ਼ ਹਾਸਲ ਕਰਨ ਤੇ ਇਸ ਸਬੰਧ ਵਿਚ ਪੁਲਿਸ ਨੂੰ ਵੀ ਸੂਚਿਤ ਕਰਨ। ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦੀ ਚੈਕਿੰਗ ਚੱਲਦੀ ਰਹੀ।
Share the post "ਬਠਿੰਡਾ ’ਚ ਦਿਨ ਚੜਨ ਤੋਂ ਪਹਿਲਾਂ ਹੀ ਪੁਲਿਸ ਨੇ ਸ਼ਹਿਰ ਦੀ ਅਜੀਤ ਰੋਡ ਦੀ ਕੀਤੀ ਚੈਕਿੰਗ"