ਪੰਜ ਵਿਰੁਧ ਪਰਚਾ ਦਰਜ਼, ਜਾਂਚ ਦੌਰਾਨ 100 ਤੋਂ ਵੱਧ ਗੈਰ-ਕਾਨੂੰਨੀ ਸੈਟਰ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 25 ਜੁਲਾਈ: ਬੇਰੁਜਗਾਰੀ ਦੇ ਚੱਲਦਿਆਂ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਵੱਧ ਰਹੀ ‘ਕਰੇਜ਼’ ਨੂੰ ਕੈਸ਼ ਕਰਦਿਆਂ ‘ਨੋਟ’ ਕਮਾਉਣ ਲਈ ਖੁੰਬਾਂ ਵਾਂਗ ਖੁੱਲੇ ਨਜਾਇਜ਼ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਪੁਲਿਸ ਪ੍ਰਸ਼ਾਸਨ ਨੇ ਸਿਕੰਜ਼ਾ ਕਸਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ ਹੀ ਅੱਧੀ ਦਰਜ਼ਨ ਦੇ ਕਰੀਬ ਇੰਨ੍ਹਾਂ ਨਜਾਇਜ਼ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਮਿਲਕੇ ਕੀਤੀ ਗਈ ਪੜਤਾਲ ਦੌਰਾਨ 100 ਤੋਂ ਵੱਧ ਗੈਰ-ਕਾਨੂੰਨੀ ਤੌਰ ’ਤੇ ਚੱਲਦੇ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਬਾਰੇ ਪਤਾ ਲੱਗਿਆ ਹੈ। ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਮੁਤਾਬਕ ‘‘ ਇੰਨ੍ਹਾਂ ਗੈਰ-ਕਾਨੂੰਨੀ ਸੈਂਟਰਾਂ ਵਿਰੁਧ ਜਲਦੀ ਹੀ ਪਰਚੇ ਦਰਜ਼ ਕਰਕੇ ਇੰਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਜੇਲ੍ਹਾਂ ਵਿਚ ਭੇਜਿਆ ਜਾਵੇਗਾ। ’’ ਪੁਲਿਸ ਵਲੋਂ ਦਿੱਤੀ ਰੀਪੋਰਟ ਮੁਤਾਬਕ ਜਿੰਨ੍ਹਾਂ ਇੰਮੀਗਰੇਸ਼ਨ/ਆਈਲੈਟਸ ਸੈਂਟਰਾਂ ਵਿਰੁਧ ਪਰਚੇ ਦਰਜ਼ ਕੀਤੇ ਗਏ ਹਨ, ਉਨ੍ਹਾਂ ਵਿਚ ਤਿੰਨ ਸਥਾਨਕ ਅਜੀਤ ਰੋਡ, ਇੱਕ ਮੁਲਤਾਨੀਆ ਰੋਡ ਤੇ ਇੱਕ ਤਲਵੰਡੀ ਸਾਬੋ ਵਿਖੇ ਚੱਲ ਰਿਹਾ ਸੀ। ਇੰਨ੍ਹਾਂ ਵਿਚ London School of 5nglish ਨਾਮ ’ਤੇ ਮਾਲ ਰੋਡ ਬਠਿੰਡਾ ਵਿਖੇ ਚੱਲ ਰਹੇ ਸੈਂਟਰ ਦੇ ਮਾਲਕ ਪਰਮਿੰਦਰ ਸਿੰਘ ਬਰਾੜ ਵਿਰੁਧ ਥਾਣਾ ਕੋਤਵਾਲੀ, 100 ਫੁੱਟੀ ਰੋਡ ਬਠਿੰਡਾ ਵਿਖੇ Kaur 9mmigration ਦੀ ਸਰਬਜੀਤ ਕੌਰ ਵਿਰੁਧ ਥਾਣਾ ਸਿਵਲ ਲਾਈਨ, ਅਜੀਤ ਰੋਡ ਬਠਿੰਡਾ ਵਿਖੇ ਚੱਲ ਰਹੇ 4rive 5ducation & 9mmigration ਨਾਮ ਦੇ ਮਾਲਕ ਅਤੁਲ ਮਿੱਤਲ ਅਤੇ ਮਨੋਜ ਕੁਮਾਰ ਵਿਰੁਧ ਥਾਣਾ ਸਿਵਲ ਲਾਈਨ, 7oldan 4oor & 9mmigration ਨਾਮ ਦੇ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਚਲਾ ਰਹੇ ਨਾਂ ਮਲੂਮ ਵਿਅਕਤੀ ਵਿਰੁਧ ਥਾਣਾ ਕੈਨਾਲ ਕਲੌਨੀ ਅਤੇ ਤਲਵੰਡੀ ਸਾਬੋ ਵਿਖੇ Supriya ਨਾਮ ਹੇਠ ਇਹ ਸੈਂਟਰ ਚਲਾਉਣ ਵਾਲੇ ਕੁਲਦੀਪ ਸਿੰਘ ਵਾਸੀ ਡਿੱਖਾਂ ਵਾਲਾ ਮੁਹੱਲਾ ਤਲਵੰਡੀ ਸਾਬੋ ਵਿਰੁਧ ਥਾਣਾ ਤਲਵੰਡੀ ਸਾਬੋ ਵਿਖੇ ਅ/ਧ Punjab “ravel Professional (Regulation) 1ct-2014 ਤਹਿਤ ਕੇਸ ਦਰਜ਼ ਕੀਤੇ ਗਏ ਹਨ।
ਬਾਕਸ
ਬਿਨ੍ਹਾਂ ਮੰਨਜੂਰੀ ਤੋਂ ਬ੍ਰਾਂਚਾਂ ਖੋਲਣੀਆਂ ਵੀ ਗੈਰ-ਕਾਨੂੰਨੀ: ਐਸ.ਐਸ.ਪੀ
ਬਠਿੰਡਾ: ਸੋਮਵਾਰ ਨੂੰ ਇਸ ਸਬੰਧ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਦਸਿਆ ਕਿ ਬਹੁਤ ਸਾਰੇ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਾਲੇ ਲਾਇਸੰਸ ਲੈਣ ਤੋਂ ਬਾਅਦ ਅਪਣਾ ਨਾਂ ਬਣਨ ‘ਤੇ ਧੜਾ-ਧੜ ਹੋਰਨਾਂ ਸ਼ਹਿਰਾਂ ਵਿਚ ਬ੍ਰਾਂਚਾਂ ਵੀ ਖੋਲ ਦਿੰਦੇ ਹਨ ਪ੍ਰੰਤੂ ਇਸਦੇ ਲਈ ਵੀ ਲਾਇਸੰਸ ਜਰੂਰੀ ਹੈ ਤੇ ਬਿਨ੍ਹਾਂ ਲਾਇਸੰਸ ਦੇ ਚੱਲ ਰਹੀਆਂ ਅਜਿਹੀ ਦਰਜ਼ਨਾਂ ਬ੍ਰਾਂਚਾਂ ਵੀ ਸਾਹਮਣੇ ਆਈਆਂ ਹਨ, ਜਿੰਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਕਸ
ਆਈਲੈਟਸ ਜਾਂ ਇੰਮੀਗਰੇਸ਼ਨ ਸੈਂਟਰ ਖੋਲਣ ਲਈ ਕੀ-ਕੀ ਦਸਤਾਵੇਜ਼ ਹਨ ਜਰੂਰੀ
ਬਠਿੰਡਾ: ਨਿਯਮਾਂ ਦੇ ਤਹਿਤ ਜਦੋਂ ਕੋਈ ਨਵਾਂ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੋਲਣਾ ਹੋਵੇ ਤਾਂ ਉਸਦੇ ਲਈ ਹੇਠ ਲਿਖੀਆਂ ਸ਼ਰਤਾਂ ਲਾਜਮੀ ਹਨ।
1 ਸਭ ਤੋਂ ਪਹਿਲਾਂ ਅਪਣੀ ਜਗ੍ਹਾਂ ਜਾਂ ਕਿਰਾਏ ਵਾਲੀ ਜਗ੍ਹਾਂ ਦਾ ਰੈਂਟ ਐਗਰੀਮੈਂਟ ਪੰਜ ਸਾਲ ਦਾ ਘੱਟੋ-ਘੱਟ
2 ਜਿੱਥੇ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੋਲਿਆ ਜਾਣਾ ਚਾਹੀਦਾ ਹੈ ਉਹ 15 ਗੁਣਾ 20 ਸੁਕੈਅਰ ਹੋਣਾ ਲਾਜ਼ਮੀ ਹੈ
3 ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਸਿਰਫ਼ ਵਪਾਰਕ ਜਗ੍ਹਾਂ ਵਿਚ ਖੁੱਲ ਸਕਦੇ ਹਨ
4 ਸ਼ਾਪ ਐਕਟ ਤਹਿਤ ਲਾਇਸੰਸ ਲੈਣਾ ਜਰੂਰੀ
5 ਫ਼ਾਈਰ ਬ੍ਰਿਗੇਡ ਦੀ ਐਨ.ਓ.ਸੀ
6 ਬਿਜਲੀ ਕੁਨੈਕਸ਼ਨ ਵੀ ਕਮਰਸੀਅਲ ਹੋਣਾ ਚਾਹੀਦਾ ਹੈ
7 ਲਾਇਸੰਸ ਫ਼ੀਸ ਜੋਕਿ 25-25 ਹਜ਼ਾਰ ਨਵੇਂ ਸੈਂਟਰ ਖੋਲਣ ਲਈ ਭਰਨੀ ਪੈਣੀ ਹੈ
8 ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਚਲਾਉਣ ਲਈ ਰਿਹਾਇਸ਼ੀ, ਅਧਾਰ ਕਾਰਡ, ਪਾਸਪੋਰਟ ਤੇ ਪੈਨ ਕਾਰਡ ਵੀ ਜਰੂਰੀ ਹੈ
9 ਸੈਂਟਰ ਖੋਲਣ ਵਾਲੇ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਟੈਕਸ ਰਿਟਰਨ ਤੇ ਇੱਕ ਸਾਲ ਬੈਂਕ ਸਟੇਟਮੈਂਟ
10 ਬੈਂਕ ਅਤੇ ਸੀਏ ਦੇ ਸਰਟੀਫਿਕੇਟ ਦੀ ਕਾਪੀ
ਇਸਤੋਂ ਇਲਾਵਾ ਜਦੋਂ ਲਾਇਸੰਸ ਜਾਰੀ ਹੋ ਜਾਂਦਾ ਹੈ ਤਾਂ ਉਸਤੋਂ ਬਾਅਦ ਹਰ ਮਹੀਨੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਰੀਪੋਰਟ ਦੇਣੀ ਪੈਂਦੀ ਹੈ ਜਿਵੇਂ ਕਿੰਨੇ ਵਿਅਕਤੀਆਂ ਦਾ ਵੀਜ਼ਾ ਲਗਵਾਇਆ ਤੇ ਕਿੰਨੇ ਬੱਚਿਆਂ ਨੂੰ ਆਈਲੈਟਸ ਕਰਵਾਈ ਤੇ ਉਨ੍ਹਾਂ ਕੋਲੋ ਕਿੰਨੀ ਫ਼ੀਸ ਵਸੂਲੀ, ਬਾਰੇ ਜਾਣਕਾਰੀ ਦੇਣੀ ਲਾਜਮੀ ਹੈ।
ਬਾਕਸ
ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਵਿਚ ਵੀ ਖੁੰਬਾਂ ਵਾਂਗ ਉੱਗੇ ਹੋਏ ਹਨ ਇਹ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ
ਬਠਿੰਡਾ: ਗੌਰਤਲਬ ਹੈ ਕਿ ਪਹਿਲਾਂ-ਪਹਿਲਾਂ ਵਿਦੇਸ਼ ਜਾਣ ਦੇ ਚਾਹਵਾਨ ਜਰੂਰੀ ਆਈਲੈਟਸ ਦਾ ਕੋਰਸ ਕਰਨ ਲਈ ਚੰਡੀਗੜ੍ਹ ਜਾਂਦੇ ਸਨ ਪ੍ਰੰਤੂ ਬਾਅਦ ਵਿਚ ਇਹ ਸੈਂਟਰ ਪੰਜਾਬ ਦੇ ਮੁੱਖ ਸ਼ਹਿਰਾਂ ਜਲੰਧਰ, ਪਟਿਆਲਾ, ਅੰਮ੍ਰਿਤਸਰ ਤੇ ਬਠਿੰਡਾ ਵਿਚ ਵੀ ਖੁੱਲਣੇ ਸ਼ੁਰੂ ਹੋ ਗਏ। ਬਠਿੰਡਾ ਤਾਂ ਕੁੱਝ ਹੀ ਸਮੇਂ ਵਿਚ ਨਾ ਸਿਰਫ਼ ਮਾਲਵਾ ਪੱਟੀ ਬਲਕਿ ਇਸਦੇ ਨਾਲ ਲੱਗਦੇ ਰਾਜਸਥਾਨ ਦੇ ਗੰਗਾਨਗਰ ਤੇ ਹਨੂਮਾਨਗੜ੍ਹ ਜ਼ਿਲਿਆਂ ਤੋਂ ਇਲਾਵਾ ਹਰਿਆਣਾ ਦੇ ਸਿਰਸਾ ਆਦਿ ਖੇਤਰਾਂ ਦੇ ਬੱਚਿਆਂ ਲਈ ‘ਹੱਬ’ ਬਣ ਗਿਆ। ਆਈਲੈਟਸ ਸੈਂਟਰਾਂ ਦੀ ਬਹੁਤਾਤ ਹੋਣ ਤੋਂ ਬਾਅਦ ਇੰਮੀਗਰੇਸ਼ਨ ਵਾਲਿਆਂ ਦਾ ਹੜ੍ਹ ਆ ਗਿਆ। ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਬਹੁਤੇ ਆਈਲੈਟਸ ਸੈਟਰ ਵਾਲਿਆਂ ਨੇ ਅਪਣੇ ਅੰਦਰ ਹੀ ਇੰਮੀਗਰੇਸ਼ਨ ਸੈਂਟਰ ਵੀ ਖੋਲੇ ਹੋਏ ਹਨ। ਇੰਨ੍ਹਾਂ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਚੋਂ ਕਾਫ਼ੀ ਜਿਆਦਾ ਦਾ ਮੁੱਖ ਧੰਦਾ ਭੋਲੇ-ਭਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਰਗਲਾ ਕੇ ਪੈਸੇ ਕਮਾਉਣ ਤੱਕ ਹੀ ਸੀਮਤ ਰਹਿ ਗਿਆ। ਜਿਸ ਕਾਰਨ ਸਾਫ਼ ਸੁਥਰਾ ਤੇ ਕਾਨੂੰਨੀ ਤੌਰ ’ਤੇ ਕੰਮ ਕਰਨ ਵਾਲੇ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਾਲਿਆਂ ਲਈ ਵੀ ਮੁਸੀਬਤ ਖੜੀ ਹੋਣ ਲੱਗੀ ਹੈ।
Share the post "ਬਠਿੰਡਾ ’ਚ ਪੁਲਿਸ ਨੇ ਗੈਰ-ਮਾਨਤਾ ਪ੍ਰਾਪਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ’ਤੇ ਕਸਿਆ ਸਿਕੰਜ਼ਾ"