37 Views
ਅੰਮ੍ਰਿਤਸਰ ਦੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਮੁਜਰਮਾਂ ਨੂੰ ਹਵਾਲਾਤ ਵਿਚ ਰੱਖਣ ਦੀ ਥਾਂ ਠਹਿਰਾਇਆ ਸੀ ਹੋਟਲ ਵਿਚ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਬਠਿੰਡਾ ‘ਚ ਅੰਮ੍ਰਿਤਸਰ ਦੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਪੌਣੇ ਚਾਰ ਕਿਲੋ ਅਫੀਮ ਸਹਿਤ ਕਾਬੂ ਕੀਤੇ ਗਏ ਦੋ ਮੁਜਰਮਾਂ ਵਿਚੋਂ ਇਕ ਦੇ ਪੁਲਿਸ ਹਿਰਾਸਤ ਵਿਚੋਂ ਹੱਥਕੜੀ ਸਹਿਤ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਪੁਲਸ ਟੀਮ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸਨੇ ਮੁਜਰਮਾਂ ਨੂੰ ਹਵਾਲਾਤ ਵਿਚ ਰੱਖਣ ਦੀ ਥਾਂ ਹੋਟਲ ਵਿਚ ਠਹਿਰਾਇਆ ਹੋਇਆ ਸੀ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਸ ਕੇਸ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ਉਪਰ ਜਿਥੇ ਫਰਾਰ ਹੋਏ ਮੁਜਰਮ ਰਾਜੇਸ਼ ਕੁਮਾਰ ਯਾਦਵ ਵਾਸੀ ਪਿੰਡ ਖੜਖਰ ਥਾਣਾ ਸ੍ਰੀ ਮਾਧੋਪੁਰ ਜਿਲਾ ਸੀਕਰ ਰਾਜਸਥਾਨ ਵਿਰੁੱਧ ਧਾਰਾ 353,186 IPC ਤਹਿਤ ਕੇਸ ਦਰਜ ਕਰ ਲਿਆ ਹੈ ਉਥੇ ਪੁਲਸ ਮੁਲਾਜ਼ਮਾਂ ਦੀ ਵੀ ਲਾਪ੍ਰਵਾਹੀ ਦੇ ਚਲਦੇ ਉਨ੍ਹਾਂ ਵਿਰੁੱਧ ਵੀ ਧਾਰਾ 224 ਤਹਿਤ ਪਰਚਾ ਦਰਜ ਕਰਦਿਆਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਗੁਪਤ ਸੂਚਨਾ ਦੇ ਅਧਾਰ ਤੇ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਦੀ ਟੀਮ ਵੱਲੋਂ ਰਾਜੇਸ਼ ਯਾਦਵ ਅਤੇ ਕੁਲਵਿੰਦਰ ਸਿੰਘ ਵਾਸੀ ਸੰਗੋਧੌਣ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਲਹਿਰਾ ਬੇਗਾ ਟੋਲ ਪਲਾਜਾ ਕੋਲੋਂ 8 ਜੁਲਾਈ ਨੂੰ 3,860 ਕਿਲੋਗ੍ਰਾਮ ਅਫੀਮ ਸਾਹਿਤ ਕਾਬੂ ਕੀਤਾ ਸੀ। ਇਨ੍ਹਾਂ ਵਿਰੁੱਧ ਬਿਊਰੋ ਦੇ ਚੰਡੀਗੜ੍ਹ ਸਥਿਤ ਥਾਣੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ 9 ਜੁਲਾਈ ਨੂੰ ਡਿਊਟੀ ਮੈਜਿਸਟ੍ਰੇਟ ਰਾਜਵੀਰ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ।ਸੂਤਰਾਂ ਮੁਤਾਬਕ ਪੁਲਿਸ ਟੀਮ ਵੱਲੋਂ 10 ਜੁਲਾਈ ਨੂੰ ਦੋਸ਼ੀਆਂ ਨੂੰ ਹੋਰ ਰਿਕਵਰੀ ਲਈ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਲੈ ਕੇ ਜਾਣਾ ਸੀ ਜਿਸਦੇ ਚਲਦੇ ਵਾਪਸ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਬਠਿੰਡਾ ਹੀ ਰੱਖ ਲਿਆ ਗਿਆ। ਪ੍ਰੰਤੂ ਇਸ ਮਾਮਲੇ ਵਿਚ ਮੁਜਰਮਾਂ ਨੂੰ ਕਾਬੂ ਕਰਨ ਵਾਲੇ ਪੁਲਿਸ ਟੀਮ ਦੀ ਵੱਡੀ ਲਾਪਰਵਾਹੀ ਇਹ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਇਹਨਾਂ ਮੁਜਰਮਾਂ ਨੂੰ ਸਬੰਧਤ ਥਾਣੇ ਦੀ ਹਵਾਲਾਤ ਵਿੱਚ ਬੰਦ ਕਰਨ ਦੀ ਬਜਾਏ ਆਪਣੇ ਨਾਲ ਸਥਾਨਕ ਸ਼ਹਿਰ ਦੇ ਹਨੂੰਮਾਨ ਚੌਕ ਕੋਲ ਸਥਿਤ ਇਕੋ ਹੋਟਲ ਵਿੱਚ ਠਹਿਰਾ ਲਿਆ।ਪੁਲਿਸ ਅਧਿਕਾਰੀਆਂ ਮੁਤਾਬਕ 10 ਜੁਲਾਈ ਨੂੰ ਸਵੇਰੇ ਇੱਕ ਕਥਿਤ ਦੋਸ਼ੀ ਰਾਜੇਸ਼ ਯਾਦਵ ਝੁਕਾਨੀ ਦੇਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਟੀਮ ਹੱਥ ਮਿਲਦੀ ਰਹਿ ਗਈ।ਹਾਲਾਂਕਿ ਮੁਜਰਮਾਂ ਨੂੰ ਫੜਨ ਵਾਲੀ ਟੀਮ ਦੇ ਇੰਚਾਰਜ ਬਲਵੰਤ ਰਾਏ ਵੱਲੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾ ਵਿੱਚ ਦਾਅਵਾ ਕੀਤਾ ਹੈ ਕੇ ਮੁਜ਼ਰਮ ਰਾਜੇਸ਼ ਧੱਕਾ ਮਾਰ ਕੇ ਫਰਾਰ ਹੋਇਆ ਹੈ ਪਰੰਤੂ ਇਸ ਮਾਮਲੇ ਵਿੱਚ ਸਾਹਮਣੇ ਆਈਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਉਹ ਆਰਾਮ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਡੀਐਸਪੀ ਸਿਟੀ ਬਠਿੰਡਾ ਗੁਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ਉਪਰ ਜਿਥੇ ਮੁਜਰਿਮ ਰਾਜੇਸ਼ ਯਾਦਵ ਵਿਰੁੱਧ ਧਾਰਾ 353,186 IPC ਤਹਿਤ ਕੇਸ ਦਰਜ ਕਰ ਲਿਆ ਹੈ ਉਥੇ ਪੁਲਸ ਮੁਲਾਜ਼ਮਾਂ ਦੀ ਵੀ ਲਾਪ੍ਰਵਾਹੀ ਦੇ ਚਲਦੇ ਉਨ੍ਹਾਂ ਵਿਰੁੱਧ ਵੀ ਧਾਰਾ 224 ਤਹਿਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ
Share the post "ਬਠਿੰਡਾ ਚ ਪੌਣੇ ਚਾਰ ਕਿਲੋ ਅਫੀਮ ਸਹਿਤ ਕਾਬੂ ਕੀਤਾ ਮੁਜਰਮ ਪੁਲਿਸ ਹਿਰਾਸਤ ਵਿਚੋਂ ਹੱਥਕੜੀ ਸਹਿਤ ਹੋਇਆ ਫ਼ਰਾਰ"