ਮਨਪ੍ਰੀਤ ਬਾਦਲ ਨਾਲ ਨਹੀਂ ਹੈ ਕੋਈ ਮਿਲੀ ਭੁਗਤ, ਰਿਸ਼ਤਿਆ ਤੋ ਪਹਿਲਾਂ ਹੈ ਪਾਰਟੀ: ਸੁਖਬੀਰ ਬਾਦਲ
ਸਰੂਪ ਸਿੰਗਲਾ ਨੇ ਦਿੱਤੀ ਚਿਤਾਵਨੀ, ਸਰਕਾਰ ਬਣਦਿਆ ਹੀ ਬਠਿੰਡਾ ਵਿੱਚ ਹੋਈਆ ਧੱਕੇਸ਼ਾਹੀਆਂ ਦੀ ਹੋਵੇਗੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 1 ਫ਼ਰਵਰੀ:- ਪਿਛਲੇ ਕੁੱਝ ਸਮੇਂ ਤੋਂ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ’ਚ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਪ੍ਰਵਾਰ ਦੇ ਆਪਸ ’ਚ ਮਿਲੇ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ’ਤੇ ਅੱਜ ਜਨਤਕ ਤੌਰ ’ਤੇ ਸਪੱਸਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ‘‘ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਾਰਟੀ ਨਾਲ ਗੱਦਾਰੀ ਨਹੀਂ ਕਰ ਸਕਦਾ, ਬਾਦਲ ਪਰਿਵਾਰ ਲਈ ਰਿਸ਼ਤਿਆ ਤੋ ਪਹਿਲਾਂ ਪਾਰਟੀ ਹੈ। ’’ ਸਥਾਨਕ ਇੱਕ ਹੋਟਲ ਵਿਚ ਵੱਡੀ ਤਾਦਾਦ ਵਿਚ ਇਕੱਤਰ ਹੋਏ ਵਪਾਰੀਆਂ ਨੂੰ ਸੰਬੋਧਨ ਕਰਨ ਪੁੱਜੇ ਸ: ਬਾਦਲ ਤੋਂ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ਼ ਸਰੂਪ ਚੰਦ ਸਿੰਗਲਾ ਨੇ ਇਹ ਸਪੱਸ਼ਟੀਕਰਨ ਮੰਗਦਿਆਂ ਦਾਅਵਾ ਕੀਤਾ ਸੀ ਕਿ ਸ਼ਹਿਰ ਵਿਚ ਦੋਨਾਂ ਪ੍ਰਵਾਰਾਂ ਦੀ ਆਪਸ ’ਚ ਮਿਲੀਭੁਗਤ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘‘ ਜੇਕਰ ਮਨਪ੍ਰੀਤ ਬਾਦਲ ਨਾਲ ਨੇੜਤਾ ਹੁੰਦੀ ਤਾਂ ਉਹ ਸ਼ਰੋਮਣੀ ਅਕਾਲੀ ਦਲ ਤੋ ਪਾਸੇ ਨਹੀਂ ਹੋਣਾ ਸੀ। ’’ ਉਨਾਂ ਕਿਹਾ ਕਿ ਬਠਿੰਡਾ ’ਚ ਹਰ ਚੋਣਾਂ ਤੋਂ ਪਹਿਲਾਂ ਅਜਿਹੀਆਂ ਛੁਰਲੀਆਂ ਛੱਡੀਆਂ ਜਾਂਦੀਆਂ ਹਨ ਤੇ ਪਿਛਲੀਆਂ ਚੋਣਾਂ ਵਿਚ ਵੀ ਉਨਾਂ ’ਤੇ ਸ਼੍ਰੀ ਸਿੰਗਲਾ ਦੇ ਪਾਣੀ ਦਾ ਗਲਾਸ ਮਾਰਨ ਦੀ ਅਫ਼ਵਾਹ ਫ਼ਲਾਈ ਗਈ ਸੀ। ਸੁਖਬੀਰ ਸਿੰਘ ਬਾਦਲ ਨੇ ਹੋਰ ਅੱਗੇ ਜਾਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਹੁੱਦੇ ਦੇ ਦਾਅਵੇਦਾਰ ਹਨ ਤੇ ਜੇਕਰ ਇਸੇ ਤਰਾਂ ਸਮਝੋਤੇ ਕਰਨ ਲੱਗ ਗਏ ਤਾਂ ਪਾਰਟੀ ਜਿੱਤ ਨਹੀਂ ਪਾਏਗੀ। ੳਨਾਂ ਮਨਪ੍ਰੀਤ ਬਾਦਲ ’ਤੇ ਤਾਬੜਤੋੜ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਉਸਦੀ ਨੀਅਤ ਵਿੱਚ ਫ਼ਰਕ ਹੈ ਜੋ ਇਸ ਇਲਾਕੇ ਵਿੱਚ ਵਿਕਾਸ਼ ਨਹੀਂ ਕਰਵਾ ਸਕਿਆ, ਜਦੋ ਕਿ ਉਨਾਂ ਦੀ ਸਰਕਾਰ ਦੌਰਾਨ ਵੱਡੇ ਪ੍ਰਾਜੈਕਟ ਦਿੱਤੇ ਗਏ । ਉਨਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋ ਕੀਤੀਆ ਧੱਕੇਸ਼ਾਹੀਆ ਦਾ ਜਵਾਬ ਲਿਆ ਜਾਵੇਗਾ ਤੇ ਪੁਲੀਸ ਅਫ਼ਸਰਾਂ ਨੂੰ ਵੀ ਸਬਕ ਸਿਖਾਇਆ ਜਾਵੇਗਾ ਜਿਨਾਂ ਦੀ ਅਗਵਾਈ ਵਿਚ ਨਸ਼ਿਆ ਦਾ ਕਾਰੋਬਾਰ ਪ੍ਰਫੁੱਲਤ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦਿਆ ਹੀ ਸ਼ਹਿਰ ਵਿਚ ਮਨਪ੍ਰੀਤ ਬਾਦਲ ਅਤੇ ਉਸਦੇ ਸਾਲੇ ਜੋਜੋ ਵੱਲੋ ਕੀਤੀਆ ਧੱਕੇਸ਼ਾਹੀਆ ’ਤੇ ਕਾਰਵਾਈ ਨਾ ਹੋਈ ਤਾਂ ਉਹ ਪਾਰਟੀ ਤੋ ਪਾਸੇ ਹੋਣ ਦਾ ਦਮ ਰੱਖਦੇ ਹਨ। ਸਿੰਗਲਾ ਨੇ ਕਿਹਾ ਕਿ ਸਭ ਤੋ ਪਹਿਲਾਂ ਬਠਿੰਡਾ ਦਾ ਪਰਿਵਾਰ ਹੈ ਜਿਸ ਦੀ ਖੁਸ਼ਹਾਲੀ ਲਈ ਉਹ ਹਮੇਸ਼ਾਂ ਲੜਾਈ ਲੜਦੇ ਰਹੇ ਹਨ ਅਤੇ ਲੜਦੇ ਰਹਿਣਗੇ। ਸਰੂਪ ਸਿੰਗਲਾ ਨੇ ਸ਼ਹਿਰ ਵਾਸੀਆ ਤੋ ਜਿੱਤ ਲਈ ਸਹਿਯੋਗ ਮੰਗਿਆ ਤੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਹਰ ਮੁਸ਼ਕਲ ਦਾ ਹੱਲ ਹੋਵੇਗਾ ਤੇ ਖੁਸ਼ਹਾਲ ਪਰਿਵਾਰ ਤੇ ਅਮਨ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇਗਾ । ਇਸ ਮੌਕੇ ਪਾਰਟੀ ਦੇ ਜ਼ਿਲਾਂ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ, ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਹਰਪਾਲ ਸਿੰਘ ਢਿੱਲੋਂ, ਰਾਕੇਸ਼ ਸਿੰਗਲਾ, ਅਮਿਤ ਕਪੂਰ,ਗੁਰਸੇਵਕ ਸਿੰਘ ਮਾਨ, ਗੁਰਮੇਲ ਸਿੰਘ ਵਿਰਦੀ, ਜਗਦੀਪ ਸਿੰਘ ਗਹਿਰੀ ਸਹਿਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਰਹੇ।
ਬਾਕਸ
ਹਰਸਿਮਰਤ ਬਾਦਲ ਨੇ ਵੀ ਘੇਰਿਆਂ ਜੋਜੋ, ਕਿਹਾ ਕਿ ਧੱਕੇਸਾਹੀ ਦਾ ਹੋਵੇਗਾ ਹਿਸਾਬ
ਬਠਿੰਡਾ: ਉਧਰ ਅੱਜ ਸਰੂਪ ਸਿੰਗਲਾ ਦੇ ਹੱਕ ’ਚ ਲਾਈਨੋਪਾਰ ਇਲਾਕੇ ’ਚ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਵੀ ਮਨਪ੍ਰੀਤ ਬਾਦਲ ਦੇ ਨਾਲ ਨਾਲ ਉਨਾਂ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ’ਤੇ ਤਿੱਖੇ ਹਮਲੇ ਕੀਤੇ। ਉਨਾਂ ਵਿਤ ਮੰਤਰੀ ਨੂੰ ਖ਼ਾਲੀ ਖ਼ਜਾਨਾ ਮੰਤਰੀ ਕਰਾਰ ਦਿੰਦਿਆਂ ਥਰਮਲ ਪਲਾਂਟ ਬੰਦ ਕਰਨ ਤੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦੇ ਦੋਸ਼ ਲਗਾਏ। ਉਨਾਂ ਮਨਪ੍ਰੀਤ ਨੂੰ ਕਾਂਗਰਸ ਦਾ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਇੰਨਾਂ ਪੀਪਲਜ਼ ਪਾਰਟੀ ਬਣਾਉਣ ਸਮੇਂ ਸਹੀਦਾਂ ਦੀ ਸਹੁੰ ਖਾਧੀ, ਜਿਸਦੇ ਚੱਲਦੇ ਇਸ ’ਤੇ ਕੋਈ ਵਿਸਵਾਸ ਨਹੀਂ ਕਰਦਾ। ਉਨਾਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਰਹੇ ਰਵਿੰਦਰ ਸਿੰਘ ਭੀਟੀ ਤੇ ਹੋਰਨਾਂ ਪੁਲਿਸ ਅਫ਼ਸਰਾਂ ਦੇ ਨਾਮ ਲੈਂਦਿਆਂ ਅਕਾਲੀ ਸਰਕਾਰ ਬਣਨ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।ਇਸ ਮੌਕੇ ਬੀਬੀ ਬਾਦਲ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਜੇਕਰ ਕੋਈ ਅਕਾਲੀ ਵਰਕਰ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕਰਦਾ ਪਾਇਆ ਗਿਆ ਤਾਂ ਉਸਦੇ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਬੰਦ ਹੋਣਗੇÍ