ਕਿਸਾਨਾਂ ਦੀ ਪੁਲਿਸ ਨਾਲ ਵੀ ਹੋਈ ਝੜਪ
ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਸੰਘਰਸ਼ ਤਹਿਤ ਅੱਜ ਬਠਿੰਡਾ ਸ਼ਹਿਰ ਵਿਚ ਪੁੱਜੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ। ਜਿਸ ਕਾਰਨ ਮੰਤਰੀ ਨੂੰ ਅਪਣੇ ਕਈ ਪ੍ਰੋਗਰਾਮ ਰੱਦ ਕਰਨੇ ਪਏ। ਇਸ ਦੌਰਾਨ ਦਾਦੀ ਪੋਤੀ ਪਾਰਕ ਕੋਲ ਸ: ਬਾਦਲ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਪੁਲਿਸ ਨੇ ਇਸ ਮੌਕੇ ਦਰਜ਼ਨਾਂ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲਿਆ। ਯੋਜਨਾਵਧ ਤਰੀਕੇ ਨਾਲ ਕਿਸਾਨ ਮੰਤਰੀ ਦੇ ਹਰ ਪ੍ਰੋਗਰਾਮ ਦਾ ਪਿੱਛਾ ਕਰਦੇ ਰਹੇ। ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਵੀ ਤੈਨਾਤ ਕੀਤੀ ਗਈ ਸੀ ਪ੍ਰੰਤੂ ਕਿਸਾਨ ਅਪਣਾ ਸੁਨੇਹਾ ਦੇਣ ਵਿਚ ਸਫ਼ਲ ਰਹੇ। ਜਥੇਬੰਦੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਦੇਵ ਸਿੰਘ ਜੋਗੇਵਾਲਾ, ਮੋਠੂ ਸਿੰਘ ਕੋਟੜਾ, ਅਮਰੀਕ ਸਿੰਘ ਸਿਵੀਆਂ ਅਤੇ ਅਜੈਪਾਲ ਸਿੰਘ ਘੁੱਦਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਸਭ ਤੋਂ ਪਹਿਲਾਂ ਸਥਾਨਕ ਸਿਵਲ ਲਾਈਨ ਕਲੱਬ ’ਚ ਪੁੱਜੇ ਵਿਤ ਮੰਤਰੀ ਵਿਰੁਧ ਨਾਅਰੇਬਾਜ਼ੀ ਕੀਤੀ ਗਈ। ਇਸਤੋਂ ਬਾਅਦ ਉਹ ਦਾਦੀ ਪੋਤੀ ਪਾਰਕ ਕੋਲ ਜਾ ਪੁੱਜੇ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਨਾਲ ਧੱਕਾ ਮੁੱਕੀ ਵੀ ਕੀਤੀ।ਉਧਰ ਕਿਸਾਨਾਂ ਨੇ ਹਲਕਾ ਤਲਵੰਡੀ ਸਾਬੋ ਹਲਕੇ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੂੰ ਵੀ ਘੇਰ ਲਿਆ। ਇਸੇ ਤਰ੍ਹਾਂ ਹਲਕਾ ਰਾਮਪੁਰਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟੇ ਚੇਅਰਮੈਨ ਹਰਮਨਵੀਰ ਸਿੰਘ ਕਾਂਗੜ੍ਹ ਦਾ ਪਿੰਡ ਕੇਸਰ ਸਿੰਘ ਵਾਲਾ ਵਿਖੇ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਅਤੇ ਅਵਤਾਰ ਸਿੰਘ ਪੂਹਲਾ ਦੀ ਅਗਵਾਈ ਵਿੱਚ ਘਿਰਾਓ ਕੀਤਾ ਗਿਆ ਤਾਂ ਉਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਕਿਸਾਨ ਆਗੂਆਂ ਨੇ ਦਸਿਆ ਕਿ ਰਾਮਾ ਮੰਡੀ ਅਤੇ ਭੁੱਚੋ ਮੰਡੀ ਵਿੱਚ ਕਿਸਾਨਾਂ ਨੂੰ ਢੁੱਕਵਾਂ ਮੁਆਵਜਾ ਦੇਣ ਦੇ ਲਗਾਏ ਹੋਰਡਿੰਗ ਬੋਰਡਾਂ ਉਪਰ ਕਾਲਖ਼ ਪੋਤੀ ਗਈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਅਤੇ ਮਜਦੂਰਾਂ ਨੂੰ ਫਸਲਾਂ ਦੇ ਖਰਾਬੇ ਦਾ ਪੂਰਾ ਮੁਆਵਜਾ ਨਹੀਂ ਦਿੱਤਾ ਜਾਂਦਾ ਓਨਾ ਚਿਰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਕਾਂਗਰਸ ਦੇ ਅਹੁਦੇਦਾਰਾਂ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਸਖਤ ਵਿਰੋਧ ਕੀਤਾ ਜਾਵੇਗਾ ।
ਬਠਿੰਡਾ ’ਚ ਵਿਤ ਮੰਤਰੀ ਦਾ ਕਿਸਾਨਾਂ ਵਲੋਂ ਭਰਵਾਂ ਵਿਰੋਧ
53 Views