ਝੂੁਠੇ ਮੈਡੀਕਲ ਕਰਵਾਉਣ ਤੇ ਜਾਅਲੀ ਵੀਜ਼ੇ ਦੇਣ ਦੇ ਦੋਸ਼, ਪੁਲਿਸ ਚੁੱਪ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਆਈਲੇਟਸ ਤੇ ਇੰਮੀਗ੍ਰੇਸਨ ਸੈਟਰਾਂ ਦਾ ‘ਹੱਬ’ ਬਣ ਚੁੱਕੇ ਬਠਿੰਡਾ ਸ਼ਹਿਰ ’ਚ ਹੁਣ ਨਕਲੀ ਵੀਜਿਆਂ ਤੇ ਵਿਦੇਸ਼ ਭੇਜਣ ਦੇ ਨਾਂ ਉਪਰ ਬੇਰੁਜਗਾਰਾਂ ਨਾਲ ਧੋਖਾਧੜੀ ਦਾ ਵਪਾਰ ਵਧਣ ਲੱਗਿਆ ਹੈ। ਅਜ ਮਾਲਵਾ ਪੱਟੀ ਦੇ ਵੱਖ ਵੱਖ ਖੇਤਰਾਂ ਤੋਂ ਇਕੱਤਰ ਹੋਏ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਥਾਨਕ ਸ਼ਹਿਰ ਦੇ ਮਹੇਸ਼ਵਰੀ ਚੌਕ ਵਿਚ ਵੱਖ ਵੱਖ ਨਾਵਾਂ ’ਤੇ ਖੁੱਲੇ ਦੋ ਇੰਮੀਗ੍ਰੇਸ਼ਨਾਂ ਸੈਂਟਰਾਂ ਦੇ ਪ੍ਰਬੰਧਕਾਂ ਉਪਰ ਵਿਦੇਸ਼ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ। ਸਥਾਨਕ ਚਿਲਡਰਨ ਪਾਰਕ ’ਚ ਇਕੱਤਰ ਹੋਏ ਇੰਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਨਾਲ ਹੋਈ ਠੱਗੀ ਦੀ ਪੁਲਿਸ ਕੋਲ ਸਿਕਾਇਤ ਕੀਤੀ ਹੋਈ ਹੈ ਪ੍ਰੰਤੂ ਪੁਲਿਸ ਅਧਿਕਾਰੀਆਂ ਨੇ ਮਾਮਲੇ ਤੋਂ ਹੀ ਜਾਣਕਾਰੀ ਹੋਣ ਤੋਂ ਇੰਨਕਾਰ ਕੀਤਾ ਹੈ। ਸੰਗਰੂਰ ,ਬਰਨਾਲਾ ਤੇ ਬਠਿੰਡਾ ਸਹਿਤ ਹੋਰਨਾਂ ਖੇਤਰਾਂ ਦੇ ਨੌਜਵਾਨਾਂ ਨੇ ਐਸਐਸਪੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਨੌਜਵਾਨ ਦਲਵਿੰਦਰ ਸਿੰਘ ਨੇ ਦੱਸਿਆ ਕਿ ਸੋਸਲ ਮੀਡੀਏ ਰਾਹੀ ਕਲੀਅਰਵੇਅ ਇੰਮੀਗੇਸ਼ਨ ਅਤੇ ਬਲੂਪੈਰਾਡਾਈਜ਼ ਨਾਂ ਦੇ ਇੰਮੀਗੇ੍ਰਸ਼ਨ ਸੈਂਟਰ ਵਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਵਿਚ ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਦੇਸ਼ਾਂ ’ਚ ਕੰਮ ਦਿਵਾਉਣ ਦਾ ਦਾਅਵਾ ਕੀਤਾ ਗਿਆ ਸੀ। ਬੇਰੁਜਗਾਰੀ ਦੇ ਭੰਨੇ ਨੌਜਵਾਨਾਂ ਮੁਤਾਬਕ ਉਨ੍ਹਾਂ ਇਸਤੋਂ ਬਾਅਦ ਉਕਤ ਸੈਂਟਰ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਪੁਰਤਗਾਲ ਸਮੇਤ ਹੋਰ ਦੇਸ਼ਾਂ ਦਾ ਵੀਜ਼ਾ ਦਿਵਾਉਣ ਦਾ ਕੰਮ ਕਰਦੇ ਹਨ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਬਠਿੰਡਾ ਪਹੁੰਚੇ ਤੇ ਉਨ੍ਹਾਂ ਤੋਂ 5500 ਰੁਪਿਆ ਅਡਵਾਂਸ ਜਮਾਂ ਕਰਵਾਇਆ ਗਿਆ ਅਤੇ ਪਾਸਪੋਰਟ ਜਮ੍ਹਾਂ ਕਰਵਾਏ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ 45ਦਿਨਾਂ ਦੇ ਵਿੱਚ ਵਿੱਚ ਉਨ੍ਹਾਂ ਦਾ ਵੀਜਾ ਆ ਜਾਵੇਗਾ । 20-25 ਦਿਨਾਂ ਬਾਅਦ ਉਕਤ ਸੈਂਟਰ ਤੋਂ ਉਨ੍ਹਾਂ ਨੂੰ ਕਾਲ ਆਈ ਕਿ ਤੁਹਾਡਾ ਵੀਜਾ ਆ ਗਿਆ ਹੈ ਅਤੇ ਤੁਸੀਂ ਇੱਕ ਪ੍ਰਾਈਵੇਟ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਇਹ ਖ਼ਾਤਾ ਵਰਿੰਦਰ ਨਾਮ ਦੇ ਵਿਅਕਤੀ ਉਪਰ ਚੱਲਦਾ ਸੀ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਉਕਤ ਕੇਂਦਰ ਸੰਚਾਲਕਾਂ ਨੇ ਉਨ੍ਹਾਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਪ੍ਰੰਤੂ ਜਦ ਬਾਅਦ ਵਿਚ ਪੜਤਾਲ ਕੀਤੀ ਤਾਂ ਇਹ ਵੀਜ਼ੇ ਨਕਲੇ ਨਿਕਲੇ। ਇਸ ਦੌਰਾਨ ਉਹ ਬਠਿੰਡਾ ਪੁੱਜੇ ਤਾਂ ਉਹ ਉਕਤ ਸੈਂਟਰ ਮਾਲਕ ਸੈਂਟਰ ਬੰਦ ਕਰ ਕੇ ਰਫੂਚੱਕਰ ਹੋ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਸੈਂਟਰ ਮਾਲਕ ਬਠਿੰਡਾ ਵਿਚ ਹੋਰ ਵੀ ਸੈਂਟਰ ਖੋਲ੍ਹੇ ਹੋਏ ਹਨ ਅਤੇ ਉਸ ਦੀ ਗੱਡੀ ਦਾ ਨੰਬਰ ਵੀ ਪੁਲੀਸ ਨੂੰ ਦਿੱਤਾ ਗਿਆ ਪਰ ਸਿਵਲ ਲਾਈਨ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਚੋਣਾਂ ਵਿਚ ਬਿਜ਼ੀ ਹੋਣ ਦਾ ਬਹਾਨਾ ਬਣਾਉਂਦੀ ਰਹੀ। ਪੀੜਤ ਨੌਜਵਾਨਾਂ ਨੇ ਐਸਐਸਪੀ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਉਕਤ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਉਧਰ ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਵਲ ਲਾਈਨ ਦੇ ਕਾਰਜਕਾਰੀ ਐਸਐਚਓ ਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਤੇ ਉਨ੍ਹਾਂ ਦੇ ਧਿਆਨ ਵਿਚ ਇਹ ਮਸਲਾ ਨਹੀਂ ਤੇ ਜੇਕਰ ਪੀੜਤ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਉਂਦੇ ਹਨ ਤਾਂ ਬਣਦੀ ਕਾਰਵਾਈ ਕਰਨਗੇ।
Share the post "ਬਠਿੰਡਾ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਸੈਕੜੇ ਨੌਜਵਾਨਾਂ ਨਾਲ ਕਰੋੜਾਂ ਦੀ ਠੱਗੀ"