Punjabi Khabarsaar
ਬਠਿੰਡਾ

ਬਠਿੰਡਾ ’ਚ ਸੋਲਰ ਪੈਨਲ ਵੰਡਣ ਨੂੰ ਲੈ ਕੇ ਸਰੂਪ ਸਿੰਗਲਾ ਤੇ ਮਨਪ੍ਰੀਤ ਬਾਦਲ ਆਹਮੋ-ਸਾਹਮਣੇ

ਸਾਬਕਾ ਅਕਾਲੀ ਵਿਧਾਇਕ ਨੇ ਲਗਾਇਆ ਧਰਨਾ,ਕਾਂਗਰਸੀਆਂ ਨੇ ਕੀਤੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 16 ਜਨਵਰੀ : ਜਿਉਂ-ਜਿਉਂ ਵਿਧਾਨ ਸਭਾ ਚੋਣਾਂ ’ਚ ਸਮਾਂ ਘਟਦਾ ਜਾ ਰਿਹਾ ਹੈ, ਤਿਉਂ-ਤਿਉਂ ਸੂਬੇ ਦੀ ‘ਹਾਟ’ ਸੀਟ ਮੰਨੇ ਜਾ ਰਹੇ ਬਠਿੰਡਾ ਸ਼ਹਿਰੀ ਹਲਕੇ ’ਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਤਨਾਅ ਵਧਣ ਲੱਗਿਆ ਹੈ। ਅੱਜ ਸ਼ਹਿਰ ’ਚ ਕਾਂਗਰਸੀਆਂ ਦੁਆਰਾ ਸੋਲਰ ਪੈਨਲ ਵੰਡਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਮੁੜ ਵਿਵਾਦ ਖ਼ੜਾ ਹੋ ਗਿਆ। ਸਥਾਨਕ ਆਲਮ ਬਸਤੀ ਵਿਚ ਸੋਲਰ ਪੈਨਲ ਵੰਡਣ ਦੀ ਸੂਚਨਾ ਮਿਲਦੇ ਹੀ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਕਾਂਗਰਸੀਆਂ ਉਪਰ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼ ਲਗਾਉਂਦਿਆਂ ਧਰਨਾ ਲਗਾ ਦਿੱਤਾ। ਇਸ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੀ ਉਥੇ ਪੁੱਜ ਗਏ ਤੇ ਦੋਨਾਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੋਣ ਅਧਿਕਾਰੀ ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਸਥਿਤੀ ਨੂੰ ਸੰਭਾਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਤੇ ਅਕਾਲੀ-ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਇੱਥੇ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਸੋਲਰ ਪੈਨਲ ਵੰਡ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ੍ਹ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਲੋੜਵੰਦਾਂ ਦੀ ਥਾਂ ਇਹ ਸੋਲਰ ਪੈਨਲ ਆਪਣੇ ਚਹੇਤਿਆਂ ਵਿਚ ਵੰਡ ਕੇ ਵਿਤਕਰਾ ਕਰ ਰਹੀ ਹੈ। ਉਨਾਂ੍ਹ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀ ਹਮਾਇਤ ਕਰਦੇ ਹੋਏ ਜਦ ਇਸ ਉਹ ਮੌਕੇ ’ਤੇ ਪੁੱਜੇ ਤਾਂ ਭੜਕੇ ਜੋਜੋ ਨੇ ਆਪਣੇ ਚਹੇਤੇ ਕਾਂਗਰਸੀਆਂ ਨੂੰ ਬੁਲਾ ਕੇ ਲੋਕਾਂ ਨੂੰ ਭੜਕਾਉਣ ਅਤੇ ਬਿਨਾਂ ਮਤਲਬ ਦੀ ਮਾਹੌਲ ਖਰਾਬ ਕਰਨ ਦੀ ਕੋਿਸਸ ਕੀਤੀ,ਜਿਸਦੀ ਸਿਕਾਇਤ ਚੋਣ ਕਮਿਸ਼ਨ ਨੂੰ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਖਰੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਸ਼੍ਰੀ ਸਿੰਗਲਾ ਉਪਰ ਪੰਜਾਬ ਸਰਕਾਰ ਦੀਆਂ ਲੋੜਵੰਦ ਵਿਅਕਤੀਆਂ ਨੂੰ ਮਿਲ ਰਹੀਆਂ ਸਕੀਮਾਂ ਵਿੱਚ ਰੁਕਾਵਟਾਂ ਪਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 12934 ਸੋਲਰ ਪੁਆਇੰਟ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੇ ਘਰਾਂ ਉੱਪਰ ਲਾਏ ਜਾਣੇ ਹਨ, ਇਸ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਹੁਤ ਸਮਾਂ ਪਹਿਲਾਂ ਹੀ ਮਨਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਪ੍ਰਾਈਵੇਟ ਕੰਪਨੀ ਨੂੰ ਇਸ ਟੈਂਡਰ ਨੂੰ ਪੂਰਾ ਕਰਨ ਲਈ ਬਜਟ ਵੀ ਅਲਾਟ ਹੋ ਚੁੱਕਿਆ ਹੈ ਅਤੇ ਇਹ ਸਕੀਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ,ਪਹਿਲੇ ਫੇਜ ਰਾਹੀਂ ਕੰਮ ਪੂਰਾ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਹਾਰ ਨੂੰ ਦੇਖ ਕੇ ਬੁਖਲਾਹਟ ਵਿੱਚ ਹੈ।

ਬਾਕਸ
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ: ਜ਼ਿਲ੍ਹਾ ਚੋਣ ਅਫ਼ਸਰ
ਬਠਿੰਡਾ: ਉਧਰ ਸੰਪਰਕ ਕਰਨ ’ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਰਵਿੰਦਪਾਲ ਸੰਧੂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਰੀਪੋਰਟ ਬਣਾ ਕੇ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਜਿਸਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Related posts

ਭਾਰਤ ਜੋੜੋ ਯਾਤਰਾ ਸਬੰਧੀ ਯੂਥ ਕਾਂਗਰਸੀ ਆਗੂਆਂ ਨੇ ਮੀਟਿੰਗ ਕਰਕੇ ਲਗਾਈਆਂ ਡਿਊਟੀਆਂ

punjabusernewssite

ਵਿੱਤ ਮੰਤਰੀ ਨੇ 66 ਕੇ.ਵੀ ਸਬ-ਸਟੇਸਨ ਗਰਿੱਡ ਦਾ ਕੀਤਾ ਉਦਘਾਟਨ

punjabusernewssite

ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਢਪਾਲੀ ਦਾ ਉਦਘਾਟਨ, ਜ਼ਿਲ੍ਹੇ ’ਚ ਹੋਏ 25 ਮੁਹੱਲਾ ਕਲੀਨਿਕ

punjabusernewssite