ਸੰਯੁਕਤ ਸਮਾਜ ਮੋਰਚੇ ਦੇ ਲੱਖਾ ਸਿਧਾਣਾ ਨੂੰ ਛੱਡ ਬਾਕੀ ਨੋਟਾਂ ਤੋਂ ਵੀ ਰਹੇ ਥੱਲੇ
ਬਠਿੰਡਾ ਸ਼ਹਿਰੀ ਨੂੰ ਛੱਡ ਭਾਜਪਾ ਦੀ ਵੀ ਪ੍ਰਦਰਸ਼ਨ ਰਿਹਾ ਖ਼ਰਾਬ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਆਏ ਨਤੀਜਿਆਂ ਵਿਚ ਵੋਟਰਾਂ ਨੇ ਅਜਾਦ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਜਿਅਦਾਤਰ ਰੱਦ ਕਰ ਦਿੱਤਾ ਹੈ। ਇਹੀਂ ਨਹੀਂ ਦਿੱਲੀ ’ਚ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਬਣੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਵੀ ਵੋਟਰਾਂ ਨੇ ਜਿਆਦਾ ਤਵੱਜੋਂ ਨਹੀਂ ਦਿੱਤੀ, ਹਾਲਾਂਕਿ ਮੋੜ ਤੋਂ ਕਿਸਾਨਾਂ ਦਾ ਸਮਰਥਨ ਪ੍ਰਾਪਤ ਲੱਖਾ ਸਿਧਾਣਾ ਅਪਣੇ ਚੇਹਰੇ ਦੇ ਸਿਰ ’ਤੇ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਿਹਾ। ਇਸੇ ਤਰ੍ਹਾਂ ਕਾਂਗਰਸ ਨਾਲੋਂ ਵੱਖ ਹੋ ਕੇ ਭਾਜਪਾ ਨਾਲ ਸਾਂਝ ਪਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਬਣੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਤਾਂ ਅਜਾਦ ਉਮੀਦਵਾਰਾਂ ਤੋਂ ਵੀ ਬਹੁਤ ਪਿੱਛੇ ਰਹੇ। ਭਾਜਪਾ ਨੇ ਵੀ ਬਠਿੰਡਾ ਸ਼ਹਿਰੀ ਹਲਕੇ ਨੂੰ ਛੱਡ ਹੋਰਨਾਂ ਹਲਕਿਆਂ ਵਿਚ ਅਪਣਾ ਜਿਆਦਾ ਪ੍ਰਭਾਵ ਨਹੀਂ ਦਿਖਾਇਆ। ਚੋਣ ਦੇ ਪ੍ਰ੍ਰਾਪਤ ਕੀਤੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚ ਖੜ੍ਹੇ ਕੁੱਲ 69 ਉਮੀਦਵਾਰਾਂ ਵਿਚੋਂ 41 ਉਮੀਦਵਾਰਾਂ ਨੂੰ ਨੋਟਾ (ਭਾਵ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਿਚੋਂ ਕੋਈ ਪਸੰਦ ਨਹੀਂ) ਦੇ ਬਟਨ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਇੰਨ੍ਹਾਂ ਵਿਚ ਸੰਯੁਕਤ ਸਮਾਜ ਮੋਰਚੇ ਦੇ ਚਾਰ ਅਤੇ ਕੈਪਟਨ ਦੀ ਪਾਰਟੀ ਦਾ ਇੱਕ ਉਮੀਦਵਾਰ ਵੀ ਸ਼ਾਮਲ ਹੈ। ਜ਼ਿਲ੍ਹੇ ਵਿਚ ਨੋਟਾ ਦੇ ਹੱਕ ’ਚ 7063 ਵੋਟਾਂ ਪਈਆਂ, ਜਿੰਨ੍ਹਾਂ ਵਿਚ ਸਭ ਤੋਂ ਵੱਧ 1555 ਭੁੱਚੋਂ ਮੰਡੀ ਹਲਕੇ ਅਤੇ ਸਭ ਤੋਂ ਘੱਟ 709 ਰਾਮਪੁਰਾ ਹਲਕੇ ਦੇ ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਜੇਕਰ ਹਲਕਾ ਵਾਈਜ਼ ਗੱਲ ਕੀਤੀ ਜਾਵੇ ਤਾਂ ਕਿ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਚੋਣ ਮੈਦਾਨ ’ਚ ਨਿੱਤਰੇ ਕੁੱਲ 13 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੂੰ ਨੋਟਾ ਨਾਲੋਂ ਵੋਟਾਂ ਘੱਟ ਨਿਕਲੀਆਂ ਹਨ। ਇੱਥੇ ਨੋਟਾ ਦੇ ਹੱਕ ’ਚ 1190 ਵੋਟਰਾਂ ਨੇ ਬਟਨ ਦਬਾਇਆ। ਜਦੋਂਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਸਿਰਫ਼ 267 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਅੱਠ ਹੋਰ ਉਮੀਦਵਾਰ ਵੀ ਨੋਟਾ ਦੇ ਅੰਕੜੇ ਤੋਂ ਹੇਠਾਂ ਰਹੇ। ਬਠਿੰਡਾ ਦਿਹਾਤੀ ਹਲਕੇ ਵਿਚ ਨੋਟਾ ਦੇ ਹੱਕ ’ਚ 1250 ਵੋਟਰਾਂ ਨੇ ਬਟਨ ਦਬਾਇਆ। ਇੱਥੇ ਕੁੱਲ ਅੱਠ ਉਮੀਦਵਾਰ ਸਿਆਸੀ ਮੈਦਾਨ ਵਿਚ ਨਿੱਤਰੇ ਸਨ, ਜਿੰਨ੍ਹਾਂ ਵਿਚੋਂ ਪੰਜ ਨੂੰ ਨੋਟਾ ਦੇ ਬਟਨ ਨਾਲੋਂ ਵੀ ਘੱਟ ਵੋਟਾਂ ਨਿਕਲੀਆਂ। ਇੰਨਾਂ ਵਿਚ ਸੰਯੁਕਤ ਸਮਾਜ ਮੋਰਚੇ ਅਤੇ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਵੀ ਸ਼ਾਮਲ ਹਨ। ਜੇਕਰ ਤਲਵੰਡੀ ਸਾਬੋ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ 15 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੂੰ ਨੋਟਾ ਬਟਨ ਰਾਹੀਂ ਆਈਆਂ ਕੁੱਲ 1008 ਵੋਟਾਂ ਨਾਲੋਂ ਵੀ ਘੱਟ ਵੋਟਾਂ ਮਿਲੀਆਂ। ਇੰਨ੍ਹਾਂ ਵਿਚ ਸੰਯੁਕਤ ਸਮਾਜ ਮੋਰਚੇ ਦਾ ਉਮੀਦਵਾਰ ਵੀ ਸ਼ਾਮਲ ਰਿਹਾ। ਜ਼ਿਲ੍ਹੇ ਦੇ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੁੂਲ ਵਿਚ ਵੀ 15 ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਸਨ। ਪ੍ਰੰਤੂ ਇੱਥੇ ਨੋਟਾ ਨੂੰ ਮਿਲੀਆਂ 709 ਵੋਟਾਂ ਦੇ ਮੁਕਾਬਲੇ 10 ਉਮੀਦਵਾਰਾਂ ਨੂੰ ਇਸਤੋਂ ਵੀ ਘੱਟ ਵੋਟਾਂ ਮਿਲੀਆਂ। ਜਦੋਂਕਿ ਇੱਥੋਂ ਕੈਪਟਨ ਪਾਰਟੀ ਦੇ ਉਮੀਦਵਾਰ ਅਮਰਜੀਤ ਸ਼ਰਮਾ ਨੂੰ ਨੋਟਾ ਤੋਂ ਥੋੜੀਆਂ ਵੱਧ 1023 ਵੋਟਾਂ ਮਿਲੀਆਂ। ਇੱਥੇ ਕਾਂਗਰਸ ਤੇ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੇ ਨਾਵਾਂ ਨਾਲ ਮਿਲਦੇ ਨਾਮਾਂ ਵਾਲੇ ਤਿੰਨ ਉਮੀਦਵਾਰਾਂ ਨੂੰ ਵੀ 100 ਤੋਂ ਘੱਟ ਘੱਟ ਵੋਟਾਂ ਹਾਸਲ ਹੋਈਆਂ। ਭੁੱਚੋਂ ਮੰਡੀ ਹਲਕੇ ਵਿਚ ਨੋਟਾ ਦੇ ਹੱਕ ’ਚ 1555 ਵੋਟਰਾਂ ਨੇ ਬਟਨ ਦਬਾਇਆ। ਜਦੋਂਕਿ ਭਾਜਪਾ ਉਮੀਦਵਾਰ ਨੂੰ ਇਸਤੋਂ ਥੋੜੀਆਂ ਵੱਧ 2330 ਅਤੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦੇ ਹਿੱਸੇ 2546 ਵੋਟਾਂ ਆਈਆਂ। ਇਸ ਹਲਕੇ ਵਿਚ ਕੁੱਲ ਅੱਠ ਉਮੀਦਵਾਰਾਂ ਵਿਚੋਂ 3 ਉਮੀਦਵਾਰਾਂ ਨੂੰ ਨੋਟਾ ਤੋਂ ਘੱਟ ਵੋਟਾਂ ਮਿਲੀਆਂ। ਮੋੜ ਹਲਕਾ, ਜਿੱਥੇ ਦਸ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਸਨ, ਵਿਚੋਂ ਅੱਧੇ ਉਮੀਦਵਾਰਾਂ ਦੇ ਮੁਕਾਬਲੇ ਨੋਟਾ ਦਾ ਬਟਨ ਵੱਧ ਵਾਰ ਦਬਾਇਆ ਗਿਆ। ਇੱਥੈ ਨੋਟਾ ਦੇ ਹੱਕ ’ਚ 1351 ਵਾਰ ਬਟਨ ਦੱਬਿਆ ਗਿਆ।
ਬਠਿੰਡਾ ’ਚ 41 ਉਮੀਦਵਾਰਾਂ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ
16 Views