ਜ਼ਿਲ੍ਹੇ ਵਿਚ ਹਨ 37 ਹਜਾਰ ਲਾਈਸੈਂਸੀ, 70 ਹਜ਼ਾਰ ਦੇ ਕਰੀਬ ਹੈ ਅਸਲਾ
ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਹੈ ਲਾਈਸੈਂਸਾਂ ਦੀ ਵਿਸੇਸ ਪੜਤਾਲ
ਹਥਿਆਰਾਂ ਦਾ ਪ੍ਰਦਰਸ਼ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖ਼ਸਿਆ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਪੰਜਾਬ ਸਰਕਾਰ ਵਲਸੋਂ ਸੂਬੇ ਭਰ ’ਚ ਲਾਈਸੈਂਸਾਂ ਹਥਿਆਰਾਂ ਦੀ ਵਿੱਢੀ ਪੜਤਾਲ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਦਸ ਫ਼ੀਸਦੀ ਲਾਈਸੈਂਸਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ। ਜਿਸ ਵਿਚ 64 ਲਾਈਸੈਂਸਾਂ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸ.ਐਸ.ਪੀ ਜੇ. ਇਲਨਚੇਲੀਅਨ ਨੇ ਦਸਿਆ ਕਿ ‘‘ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਬਾਅਦ ਇਹ ਵਿਸੇਸ ਪੜਤਾਲ ਕਰਵਾਈ ਜਾ ਰਹੀ ਹੈ। ਇਸ ਪੜਤਾਲ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਲਾਈਸੈਂਸੀ ਨੂੰ ਅਸਲ ਵਿਚ ਹਥਿਆਰ ਰੱਖਣ ਦੀ ਜਰੂਰਤ ਹੈ ਜਾਂ ਨਹੀਂ।’’ ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 37ਹਜ਼ਾਰ ਦੇ ਕਰੀਬ ਲਾਈਸੈਂਸ ਹਨ। ਇੰਨ੍ਹਾਂ ਵਿਚੋਂ ਹੁਣ ਤੱਕ ਕਰੀਬ ਦਸ ਫ਼ੀਸਦੀ (ਸਾਢੇ ਤਿੰਨ ਹਜ਼ਾਰ ) ਲਾਈਸੈਂਸਾਂ ਦੀ ਪੜਤਾਲ ਪੂਰੀ ਹੋ ਚੁੱਕੀ ਹੈ। ਇਸ ਪੜਤਾਲ ਦੌਰਾਨ 64 ਲਾਈਸੈਂਸਾਂ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਜ਼ਿਲ੍ਹਾ ਮੈਜਿਸਟਰੇਟ ਨੂੰ ਕੀਤੀ ਗਈ ਹੈ। ਐਸ.ਐਸ.ਪੀ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਹਥਿਆਰਾਂ ਦੇ ਪ੍ਰਦਰਸ਼ਨ ਉਪਰ ਪੂਰੀ ਤਰ੍ਹਾਂ ਪਾਬੰਦੀ ਹੈ ਤੇ ਇਸ ਸਬੰਧ ਵਿਚ ਹੁਣ ਤੱਕ ਜ਼ਿਲ੍ਹੇ ਵਿਚ 3 ਕੇਸ ਦਰਜ਼ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਲਾਈਸੈਂਸਾਂ ਦੇ ਨਾਲ ਨਾਲ ਜ਼ਿਲ੍ਹੇ ਵਿਚ ਮੌਜੂਦ ਗੰਨ ਹਾਊਸਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
Share the post "ਬਠਿੰਡਾ ’ਚ 64 ਲਾਈਸੈਂਸ ਰੱਦ ਕਰਨ ਦੇ ਹੁਕਮ, ਦਸ ਫ਼ੀਸਦੀ ਲਾਈਸੈਂਸਾਂ ਦੀ ਹੋਈ ਪੜ੍ਹਤਾਲ"