ਥਰਮਲ ਨੂੰ ਢਾਹੁਣ ਲਈ ਲੋਕ ਵਿਤ ਮੰਤਰੀ ਨੂੰ ਮੁਆਫ਼ ਨਹੀਂ ਕਰਨਗੇ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ: ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਨੇ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੱਡਾ ਸਿਆਸੀ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਸੂਬੇ ’ਚ ਚਰਚਾ ਦਾ ਵਿਸ਼ਾ ਬਣੇ ਬਿਜਲੀ ਸਮਝੋਤਿਆਂ ਦਾ ਮੁੱਢ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਸਰਕਾਰ ਵਿਚ ਇਸੇ ਅਹੁੱਦੇ ’ਤੇ ਰਹਿੰਦਿਆਂ ਬੱਝਿਆ ਸੀ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਗਿੱਲ ਨੇ ਅੰਕੜੇ ਰੱਖਦਿਆਂ ਕਿਹਾ ਕਿ ‘‘ ਬਾਦਲ ਸਰਕਾਰ ਵਲੋਂ ਪਹਿਲਾਂ ਬਿਜਲੀ ਸਮਝੋਤਾ 2008, ਦੂਜਾ 2009 ਤੇ ਤੀਜ਼ਾ 2010 ਵਿਚ ਕੀਤਾ ਸੀ ਤੇ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਸੂਬੇ ਦੇ ਵਿਤ ਮੰਤਰੀ ਸਨ। ’’ ਬਠਿੰਡਾ ਦੀ ਇਤਿਹਾਸਕ ‘ਧਰੋਹਰ’ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਦਾ ਵਿਰੋਧ ਕਰਦਿਆਂ ਸ਼੍ਰੀ ਗਿੱਲ ਨੇ ਕਿਹਾ ਕਿ 750 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕਰਕੇ 2031 ਤੱਕ ਚੱਲਣ ਵਾਲੇ ਇਸ ਪਲਾਂਟ ਨੂੰ ਖ਼ਤਮ ਕਰਨ ਦੇ ਫੈਸਲਾ ’ਤੇ ਲੋਕ ਮਨਪ੍ਰੀਤ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਇਸ ਪਲਾਂਟ ਨੂੰ ਢਾਹੁਣ ਲਈ ਦਿੱਤੇ 164 ਕਰੋੜ ਦੇ ਠੇਕੇ ਦੀ ਵੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਥਰਮਲ ਨੂੰ ਬੰਦ ਕਰਨ ਸਮੇਂ ਦੇ ਸਟਾਕ ਰਜਿਸਟਰਾਂ ਨੂੰ ਤੁਰੰਤ ਕਬਜ਼ੇ ਵਿਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਕਮੇਟੀ ਨੇ ਇਸ ਥਰਮਲ ਪਲਾਂਟ ਨੂੰ ਮਹਿੰਗੀ ਬਿਜਲੀ ਉਤਪਾਦਨ ਕਰਦਿਆਂ ਬੰਦ ਕਰਨ ਦਾ ਫੈਸਲਾ ਲਿਆ ਸੀ, ਉਸ ਕਮੇਟੀ ਵਿਚ ਸ: ਬਾਦਲ ਦੀ ਮੌਜੂਦਗੀ ਸੀ ਤੇ ਇਸਦੇ ਉਲਟ ਤਤਕਾਲੀ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਵਿਧਾਨ ਸਭਾ ਅੰਦਰ ਤੱਥ ਰੱਖਦਿਆਂ ਇਸ ਪਲਾਂਟ ਵਲੋਂ 4.76 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਦਾ ਦਾਅਵਾ ਕੀਤਾ ਸੀ। ਆਗਾਮੀ ਵਿਧਾਨ ਸਭਾ ਚੋਣਾਂ ‘ਚ ਬਠਿੰਡਾ ਤੋਂ ਆਪ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਗਿੱਲ ਨੇ ਦੋਸ਼ਾਂ ਦੀ ਲੜੀ ਜਾਰੀ ਰੱਖਦਿਆਂ ਕਿਹਾ ਕਿ ਜਿਸ ਸਮੇਂ ਬਿਜਲੀ ਮੰਤਰੀ ਨੇ ਇੲ ਤੱਥ ਰੱਖੇ ਸਨ, ਉਸ ਸਮੇਂ ਦੌਰਾਨ ਹੀ ਮੌਜੂਦਾ ਸਰਕਾਰ ਨੇ ਪ੍ਰਾਈਵੇਟ ਫ਼ਰਮਾਂ ਨਾਲ 5.70 ਪੈਸੇ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਕਰਨ ਦਾ ਸਮਝੋਤਾ ਕੀਤਾ ਸੀ। ਸ: ਗਿੱਲ ਨੇ ਕਿਹਾ ਕਿ ਜੇਕਰ ਸਚਮੁੱਚ ਹੀ ਵਿਤ ਮੰਤਰੀ ਸ: ਬਾਦਲ ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰ ਦੇ ਲੋਕਾਂ ਨਾਲ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਧੂੰਆਂ ਕੱਢਣ ਦੇ ਕੀਤੇ ਵਾਅਦੇ ਪ੍ਰਤੀ ਸੁੁਹਿਰਦ ਹੁੰਦੇ ਤਾਂ ਉਹ ਬੋਰਡ ਆਫ਼ ਡਾਇਰੈਕਟਰਜ਼ ਅਤੇ ਇੰਜੀਨੀਅਰਜ਼ ਵਲੋਂ ਦਿੱਤੇ ਮਸ਼ਵਰੇ ਮੁਤਾਬਕ ਇਸ ਥਰਮਲ ਦੀ ਜਗ੍ਹਾਂ ’ਤੇ ਸੋਲਰ ਅਤੇ ਬਾਇਓਮਾਸ ਪਾਵਰ ਪਲਾਂਟ ਲਗਾਉਂਦੇ, ਜਿਸ ਨਾਲ ਕਿਸਾਨਾਂ ਦੀ ਪਰਾਲੀ ਦੀ ਸਮੱਸਿਆ ਹੱਲ ਹੁੰਦੀ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੁੰਦਾ। ਜਗਰੂਪ ਸਿੰਘ ਗਿੱਲ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਜਨਮ ਸਤਾਬਦੀ ਮੌਕੇ ਬਣਨੇ ਸ਼ੁਰੂ ਹੋਏ ਇਸ ਥਰਮਲ ਪਲਾਂਟ ਨੂੰ ਸਰਕਾਰ ਨੇ ਬਾਬੇ ਨਾਨਕ ਦੀ 550 ਸਾਲਾਂ ਸਤਾਬਦੀ ਮੌਕੇ ਮਲਟੀਮੇਟ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਜਿੰਨ੍ਹਾਂ ਦੀ ਤਰੱਕੀ ਵਿਚ ਇਸ ਪਲਾਂਟ ਦਾ ਵੱਡਾ ਯੋਗਦਾਨ ਸੀ।
ਬਠਿੰਡਾ ਥਰਮਲ ਨੂੰ ਢਾਹੁਣ ਦੇ ਦਿੱਤੇ ਠੇਕੇ ਦੀ ਉਚ ਪੱਧਰੀ ਜਾਂਚ ਹੋਵੇ : ਜਗਰੂਪ ਗਿੱਲ
6 Views