ਤਿੰਨ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਕਾਇਤ ’ਤੇ ਵਿਵਾਦਤ ਥਾਣੇਦਾਰ ਲਾਈਨਹਾਜ਼ਰ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਪਿਛਲੇ ਕਈ ਮਹੀਨਿਆਂ ਤੋਂ ਹਰਿਆਣਾ ਨਾਲ ਲੱਗਦੇ ਬਠਿੰਡਾ ਦਿਹਾਤੀ ਦੇ ਪਿੰਡਾਂ ’ਚ ਪੁਲਿਸ ਦੀ ਕਥਿਤ ਸ਼ਹਿ ’ਤੇ ਨਸ਼ੇ ਦੀ ਵਿਕਰੀ ਦਾ ਮੁੱਦਾ ਚੋਣਾਂ ਤੋਂ ਬਾਅਦ ਮੁੜ ਉਠ ਖ਼ੜਾ ਹੋਇਆ ਹੈ। ਪਿੰਡ ਚੱਕ ਅਤਰ ਸਿੰਘ ਦੇ ਲੋਕਾਂ ਦੀ ਹਾਜ਼ਰੀ ’ਚ ਥਾਣਾ ਨੰਦਗੜ੍ਹ ਦੀ ਪੁਲਿਸ ਵਲੋਂ ਚਿੱਟੇ ਸਹਿਤ ਕਾਬੂ ਕੀਤੇ ਕਥਿਤ ਨਸ਼ਾ ਤਸਕਰ ਨੂੰ ਥਾਣੇ ਵਿਚ ਵੀਆਈਪੀ ਟ੍ਰੀਟਮੈਂਟ ਦੇਣ ਤੇ ਕਾਰਵਾਈ ਦੀ ਮੰਗ ਲੈ ਕੇ ਗਏ ਸਰਪੰਚ ਨੂੰ ਅਪਸਬਦ ਬੋਲਣ ਦੇ ਮਾਮਲੇ ਵਿਚ ਅੱਜ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਕਾਇਤ ਤੋਂ ਬਾਅਦ ਐਸ.ਐਸ.ਪੀ ਨੇ ਥਾਣੇ ਦੇ ਚਰਚਿਤ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਜਦੋਂਕਿ ਗੁੱਸੇ ’ਚ ਭਰੀਆਂ ਪੀਤੀਆਂ ਇੰਨ੍ਹਾਂ ਪੰਚਾਇਤਾਂ ਤੇ ਸੈਕੜੇ ਪਿੰਡ ਵਾਲਿਆਂ ਨੇ ਉਕਤ ਥਾਣੇਦਾਰ ਨੂੰ ਤੁਰੰਤ ਡਿਸਮਿਸ ਕਰਨ ਦੀ ਮੰਗ ਕੀਤੀ ਹੈ। ਸਥਾਨਕ ਚਿਲਡਰਨ ਪਾਰਕ ’ਚ ਇਕੱਠੇ ਹੋਏ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਮਹਿਲਾ ਸਰਪੰਚ ਦੇ ਪਤੀ �ਿਸ਼ਨ ਲਾਲ ਅਤੇ ਪੰਚ ਇੰਦਰ ਸਿੰਘ ਨੇ ਦਸਿਆ ਕਿ ਲੰਘੀ 24 ਫ਼ਰਵਰੀ ਨੂੰ ਪਿੰਡ ਦੀ ਪੰਚਾਇਤ ਵਲੋਂ ਪਿੰਡ ’ਚ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਵਾਲਾ ਇੱਕ ਮਤਾ ਪਾਸ ਕੀਤਾ ਸੀ। ਇਸ ਦੌਰਾਨ ਬੀਤੇ ਕੱਲ ਪਿੰਡ ਦੇ ਦਰਜ਼ਨਾਂ ਲੋਕਾਂ ਦੀ ਹਾਜ਼ਰੀ ਵਿਚ ਪਿੰਡ ਦੇ ਹੀ ਇੱਕ ਕਥਿਤ ਨਸ਼ਾ ਤਸਕਰ ਨੌਜਵਾਨ ਨੂੰ ਖੇਤ ਦੇ ਕੋਠੇ ਵਿਚੋਂ ਚਿੱਟੇ ਸਹਿਤ ਕਾਬੂ ਕਰਵਾਇਆ ਸੀ ਪ੍ਰੰਤੂ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਰਾਸਤੇ ਵਿਚ ਹੀ ਉਸਦਾ ਚਿੱਟਾ ਗਾਇਬ ਕਰ ਦਿੱਤਾ ਤੇ ਕੁੱਝ ਚਿੱਟਾ ਉਸਨੂੰ ਥਾਣੇ ਵਿਚ ਪਿਆ ਦਿੱਤਾ। ਇਸ ਦੌਰਾਨ ਜਦ ਪੁਲਿਸ ਦੀ ਢਿੱਲੀ ਕਾਰਵਾਈ ਦਾ ਪਤਾ ਚੱਲਦੇ ਹੀ ਪਿੰਡ ਦੀ ਪੰਚਾਇਤ ਥਾਣਾ ਨੰਦਗੜ੍ਹ ਵਿਚ ਪੁੱਜੀ ਤਾਂ ਥਾਣੇਦਾਰ ਜਸਵਿੰਦਰ ਸਿੰਘ ਨੇ ਸਰਪੰਚ �ਿਸਨ ਲਾਲ ਨੂੰ ਜਾਤੀ ਸੂਚਕ ਸਬਦ ਬੋਲਦਿਆਂ ਉਸਨੂੰ ਥਾਣੇ ਵਿਚੋਂ ਭਜਾ ਦਿੱਤਾ। ਜਿਸ ਕਾਰਨ ਪਿੰਡ ਵਾਸੀਆਂ ਵਿਚ ਗੁੱਸਾ ਫ਼ੈਲ ਗਿਆ। ਜਿਸਦੇ ਚੱਲਦੇ ਅੱਜ ਪਾਉਣ ਵਾਲੀ ਜ਼ਿਲ੍ਹੇ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਪੰਚਾਇਤ ਅਤੇ ਲੰਘੀ 23 ਫ਼ਰਵਰੀ ਨੂੰ ਪਿੰਡ ’ਚ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦੀਆਂ ਕਥਿਤ ਲੱਤਾਂ ਤੋੜਣ ਦਾ ਹੋਕਾ ਦੇਣ ਵਾਲੀ ਪਿੰਡ ਕਾਲਝਰਾਣੀ ਦੀ ਪੰਚਾਇਤ ਮਹਿਲਾ ਸਰਪੰਚ ਕਮਲ ਕੌਰ ਦੇ ਪਤੀ ਤਦਿੰਦਰ ਸਿੰਘ ਤੇ ਪਿੰਡ ਬਾਜ਼ਕ ਦੇ ਸਰਪੰਚ ਲਛਮਣ ਸਿੰਘ ਦੀ ਅਗਵਾਈ ਹੇਠ ਐਸ.ਐਸ.ਪੀ ਅਮਨਦੀਪ ਕੋਂਡਲ ਨੂੰ ਮਿਲਣ ਪੁੱਜੀਆਂ ਪ੍ਰੰਤੂ ਉਨ੍ਹਾਂ ਦੇ ਨਾ ਮਿਲਣ ਕਾਰਨ ਡੀਐਸਪੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਥਾਣਾ ਨੰਦਗੜ੍ਹ ਦੀ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਿੰਨ੍ਹਾਂ ਪੰਚਾਇਤਾਂ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਥਾਣਾ ਨੰਦਗੜ੍ਹ ਦੇ ਏਐੱਸਆਈ ਜਸਵਿੰਦਰ ਸਿੰਘ ਨੂੰ ਤੁਰੰਤ ਲਾਇਨ ਹਾਜ਼ਰ ਕਰਨ ਦੇ ਨਾਲ-ਨਾਲ ਵਿਭਾਗੀ ਕਾਰਵਾਈ ਦੇ ਆਦੇਸ਼ ਦੇਣ ਦਾ ਭਰੋਸਾ ਦਿੱਤਾ। ਉਧਰ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ਼ ਤੇ ਇੱਥੋਂ ਚੋਣ ਲੜਣ ਵਾਲੇ ਹਰਵਿੰਦਰ ਸਿੰਘ ਲਾਡੀ ਨੇ ਐਸ.ਐਸ.ਪੀ ਤੇ ਡੀਜੀਪੀ ਤੋਂ ਬਠਿੰਡਾ ਦਿਹਾਤੀ ਹਲਕੇ ਵਿਚ ਨਸ਼ਾ ਤਸਕਰਾਂ ਨਾਲ ਮਿਲੇ ਪੁਲਿਸ ਅਧਿਕਾਰੀਆਂ ਦੀ ਪੜਤਾਲ ਕਰਕੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਚਾਇਤ ਨੇ ਨਸ਼ੇ ਤੋਂ ਪੀੜ੍ਹਤ ਨੌਜਵਾਨਾਂ ਦਾ ਇਲਾਜ਼ ਸ਼ੁਰੂ ਕਰਵਾਇਆ
ਬਠਿੰਡਾ: ਉਧਰ ਪੁਲਿਸ ਦੇ ਸਹਿਯੋਗ ਤੋਂ ਬੇਵੱਸ ਜਾਪ ਰਹੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਹੁਣ ਨਸ਼ਾ ਤਸਕਰਾਂ ਤੇ ਨਸ਼ਿਆਂ ਵਿਰੁਧ ਖ਼ੁਦ ਹਥਿਆਰ ਚੁੱਕ ਲਏ ਹਨ। ਬਠਿੰਡਾ ਦਿਹਾਤੀ ਦੀਆਂ ਪੰਚਾਇਤਾਂ ਵਲੋਂ ਪਿੰਡਾਂ ’ਚ ਨਸ਼ਾ ਤਸਕਰਾਂ ਵਿਰੁਧ ਮਤੇ ਪਾਸ ਕਰਨ ਤੋਂ ਇਲਾਵਾ ਹਲਕਾ ਭੁੱਚੋਂ ਮੰਡੀ ਦੇ ਕੁੱਝ ਪਿੰਡਾਂ ਵਿਚ ਵੀ ਇਸਦੀ ਜਾਗ ਲੱਗੀ ਹੈ। ਪਿੰਡ ਹਰਰਾਏਪੁਰ ਦੀ ਪੰਚਾਇਤ ਨੇ ਵੀ ਕੁੱਝ ਦਿਨ ਪਹਿਲਾਂ ਮਤਾ ਪਾਸ ਕਰਨ ਤੋਂ ਇਲਾਵਾ ਨਸ਼ਾ ਛੱਡਣ ਦੇ ਇੱਛੁਕ ਨੌਜਵਾਨਾਂ ਦੀ ਬਾਂਹ ਫ਼ੜਣ ਦਾ ਐਲਾਨ ਕੀਤਾ ਹੈ। ਪਿੰਡ ਦੇ ਕੁੱਝ ਨੌਜਵਾਨਾਂ ਨੇ ਦਸਿਆ ਕਿ ਨਸ਼ੇ ਵਿਚ ਗ੍ਰਸਤ ਪਿੰਡ ਦੇ ਪੰਜ ਨੌਜਵਾਨਾਂ ਨੂੰ ਪੰਚਾਇਤ ਤੇ ਕਲੱਬ ਦੇ ਸਹਿਯੋਗ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਪਿੰਡ ਵਲੋਂ ਇੱਕ ਵਿਸੇਸ 20 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਹੁਣ ਪਿੰਡ ਦੀ ਪੰਚਾਇਤ ਨੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਵਿਰੁਧ ਡਾਂਗ ਚੁੱਕੀ ਹੈ ਤੇ ਕਿਸੇ ਵੀ ਕੀਮਤ ’ਤੇ ਪਿੰਡ ਵਿਚ ਨਸ਼ਾ ਨਹੀਂ ਵਿਕਣ ਦੇਣਗੇ। ਉਨ੍ਹਾਂ ਦਸਿਆ ਕਿ ਭਲਕੇ ਨਸ਼ਿਆਂ ਦੇ ਵਿਰੁਧ ਪਿੰਡ ਵਿਚ ਰੋਸ਼ ਮਾਰਚ ਵੀ ਕੱਢਿਆ ਜਾ ਰਿਹਾ ਹੈ।
ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ’ਚ ਮੁੜ ਉਠਿਆ ਨਸ਼ੇ ਦੀ ਵਿਕਰੀ ਦਾ ਮੁੱਦਾ
9 Views