ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 16 ਜੁਲਾਈ: ਪਿਛਲੀ ਕਾਂਗਰਸ ਸਰਕਾਰ ਦੌਰਾਨ ਬੰਦ ਕਰਕੇ ਢਾਹੇ ਗਏ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਖਾਲੀ ਪਈ ਜਮੀਨ ’ਤੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਚਰਚਾ ਇੱਕ ਵਾਰ ਫ਼ਿਰ ਸ਼ੁਰੂ ਹੋ ਗਈ ਹੈ। ਪਤਾ ਲੱਗਿਆ ਹੈ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਇਸ ਸਬੰਧੀ ਵਿਚਾਂਰ-ਵਿਟਾਂਦਰਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕੱਲ ਵੀ ਇੰਜੀਨੀਅਰ ਐਸ਼ੋਸੀਏਸ਼ਨ ਦੇ ਦਫਤਰ ਵਿਖੇ ਇਸ ਸਬੰਧ ਵਿਚ ਮੀਟਿੰਗ ਹੋਣ ਬਾਰੇ ਪਤਾ ਲੱਗਿਆ ਹੈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਥਰਮਲ ਪਲਾਂਟ ਬਠਿੰਡਾ ਦੀ ਖਾਲੀ ਜਮੀਨ ’ਤੇ 250 ਮੈਗਾਵਾਟ ਤੋਂ ਵੱਧ ਦਾ ਸੋਲਰ ਪਾਵਰ ਪਲਾਂਟ ਨੂੰ ਲਗਾਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕਰਨੈਲ ਸਿੰਘ ਮਾਨ ਸੇਵਾ ਮੁਕਤ ਚੀਫ ਇੰਜਨੀਅਰ, ਭੂਸ਼ਨ ਕੁਮਾਰ ਜਿੰਦਲ ਸੇਵਾ ਮੁਕਤ ਚੀਫ ਇੰਜੀਨੀਅਰ, ਦਰਸ਼ਨ ਸਿੰਘ ਸੇਵਾ ਮੁਕਤ ਡਿਪਟੀ ਚੀਫ ਇੰਜਨੀਅਰ ਮਕੈਨੀਕਲ ਅਤੇ ਦਰਸ਼ਨ ਸਿੰਘ ਭੁੱਲਰ ਸੇਵਾ ਮੁਕਤ ਡਿਪਟੀ ਚੀਫ ਇੰਜਨੀਅਰ ਤੋਂ ਇਲਾਵਾ ਗੁਰਸੇਵਕ ਸਿੰਘ ਸੰਧੂ ਵਲੋਂ ਇਸ ਮੁੱਦੇ ਨੂੰ ਲੈ ਕੇ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਚਰਚਾ ਕੀਤੀ ਗਈ ਸੀ। ਇਸਦੀ ਪੁਸ਼ਟੀ ਕਰਦਿਆਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਆਗੂ ਗੁਰਸੇਵਕ ਸਿੰਘ ਸੰਧੂ, ਰਾਜਿੰਦਰ ਸਿੰਘ ਨਿੰਮਾਂ, ਬਲਜੀਤ ਸਿੰਘ ਬੋਦੀਵਾਲਾ ਅਤੇ ਲਖਵਿੰਦਰ ਸਿੰਘ ਬਾਂਡੀ ਆਦਿ ਨੇ ਦਸਿਆ ਕਿ ਇਸ ਪ੍ਰਜੈਕਟ ਨੂੰ ਜਲਦੀ ਨੇਪਰੇ ਚੜ੍ਹਾਉਣ ਲਈ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਮੰਗ ਪੱਤਰ ਭੇਜੇ ਜਾਣਗੇ।
Share the post "ਬਠਿੰਡਾ ਦੇ ਬੰਦ ਕੀਤੇ ਥਰਮਲ ਪਲਾਂਟ ’ਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਮੰਗ ਮੁੜ ਉੱਠੀ"