ਐਂਟੀ ਚਿੱਟਾ ਫ਼ਰੰਟ ਵਲੋਂ ਥਾਣਾ ਨੰਦਗੜ੍ਹ ਦਾ ਘਿਰਾਓ
ਕਿਸਾਨ ਜਥੇਬੰਦੀਆਂ ਨੇ ਵੀ ਦਿੱਤਾ ਸਾਥ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਜ਼ਿਲ੍ਹੇ ਵਿਚ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਲਗਾਤਾਰ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਹੁਣ ਬਠਿੰਡਾ ਪੁਲਿਸ ’ਤੇ ਵੀ ਉਗਲ ਉਠਣ ਲੱਗੀ ਹੈ। ਇਸ ਮਾਮਲੇ ਵਿਚ ਅੱਕੇ ਲੋਕ ਜਿੱਥੇ ਨਸ਼ਾ ਤਸਕਰਾਂ ਨੂੰ ਫ਼ੜਾਉਣ ਲਈ ਅੱਗੇ ਆ ਰਹੇ ਹਨ, ਉਥੇ ਪੁਲਿਸ ਉਪਰ ਇੰਨ੍ਹਾਂ ਤਸਕਰਾਂ ਨੂੰ ਕਥਿਤ ਤੌਰ ’ਤੇ ਛੱਡਣ ਦੇ ਦੋਸ਼ ਲੱਗਣ ਲੱਗੇ ਹਨ। ਅੱਜ ਵੀ ਇਲਾਕੇ ’ਚ ਚਿੱਟੇ ਦੇ ਸੇਵਨ ਨਾਲ ਲਗਾਤਾਰ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਦੁਖੀ ਵਕੀਲਾਂ ਵਲੋਂ ਬਣਾਏ ਐਂਟੀ ਚਿੱਟਾ ਫਰੰਟ ਪੰਜਾਬ ਅਤੇ ਕਿਸਾਨ ਜਥੈਬੰਦੀਆਂ ਵਲੋਂ ਥਾਣਾ ਨੰਦਗੜ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਹੁਲ ਝੂੰਬਾ, ਜ਼ਿਲ੍ਹਾ ਪ੍ਰਧਾਨ ਲੱਖਣ ਸਿੰਘ, ਮੀਤ ਪ੍ਰਧਾਨ ਮਨਤੇਜ ਸਿੰਘ ਧਾਲੀਵਾਲ ਆਦਿ ਨੇ ਦਸਿਆ ਕਿ ਕਿਸਾਨ ਜਥੇਬੰਦੀਆਂ ਅਤੇ ਪਿੰਡ ਝੂੰਬਾ ਦੀ ਪੰਚਾਇਤ ਦੇ ਸਹਿਯੋਗ ਨਾਲ ਥਾਣੇ ਦਾ ਘਿਰਾਓ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ । ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੂੰਬਾ ਨੇ ਇਸ ਮੌਕੇ ਨੰਦਗੜ੍ਹ ਥਾਣਾ ਦੇ ਅਧਿਕਾਰੀਆਂ ’ਤੇ ਦੋਸ਼ ਲਗਾਏ ਕਿ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਇੱਕ ਵਿਅਕਤੀ ਨੂੰ ਪੁਲਿਸ ਵਲੋਂ ਚਿੱਟੇ ਸਮੇਤ ਗਿ੍ਰਫਤਾਰ ਕੀਤਾ ਸੀ ਤੇ ਉਸ ਤੋਂ ਮੌਕੇ ਤੇ 3600 ਰੁਪਏ ਨਗਦੀ ਵੀ ਬਰਾਮਦ ਕਰਵਾਈ ਗਈ ਸੀ ਪ੍ਰੰਤੂ ਬਾਅਦ ਵਿਚ ਥਾਣਾ ਨੰਦਗੜ੍ਹ੍ਹ ਦੀ ਪੁਲੀਸ ਵੱਲੋਂ ਉਕਤ ਵਿਅਕਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਨਸ਼ਾ ਤਸਕਰ ਨਹੀਂ, ਬਲਕਿ ਨਸ਼ੇ ਦਾ ਆਦੀ ਹੈ। ਜਦੋਂ ਕਿ ਪਿੰਡ ਵਾਲਿਆਂ ਦਾ ਦਾਅਵਾ ਹੈ ਕਿ ਉਕਤ ਵਿਅਕਤੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ। ਇਸ ਦੌਰਾਨ ਥਾਣਾ ਨੰਦਗੜ੍ਹ ਦੇ ਮੁਖੀ ਬਲਦੇਵ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਕਤ ਵਿਅਕਤੀ ਉੱਪਰ ਜੁਰਮ ਚ ਵਾਧਾ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ ਅਤੇ ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾਵੇਗਾ। ਇਸ ਮੌਕੇ ਕਿਸਾਨਾਂ ਜਥੇਬੰਦੀਆਂ ਬੀਕੇਯੂ ਉਗਰਾਹਾਂ ਬੀਕੇਯੂ ਸਿੱਧੂਪੁਰ ,ਖੇਤ ਮਜਦੂਰ ਯੂਨੀਅਨ ਅਤੇ ਦਿਹਾਤੀ ਖੇਤ ਮਜ਼ਦੂਰ ਯੂਨੀਅਨ ਨੇ ਥਾਣਾ ਨੰਦਗੜ੍ਹ ਪੁਲਿਸ ਨੂੰ 3 ਦਿਨਾਂ ਦਾ ਸਮਾਂ ਦੇ ਕੇ ਧਰਨਾ ਚੁੱਕ ਦਿੱਤਾ।
Share the post "ਬਠਿੰਡਾ ਪੁਲਿਸ ’ਤੇ ਨਸ਼ਾ ਤਸਕਰੀ ਦੇ ਮਾਮਲੇ ’ਚ ਢਿੱਲ ਵਰਤਣ ਦੀਆਂ ਉਗਲਾਂ ਉਠਣ ਲੱਗੀਆਂ"