ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸਪੈਸ਼ਲ ਸਟਾਫ਼ ਵਲੋਂ ਇੱਕ ਕਿਲੋਂ ਅਫ਼ੀਮ ਸਹਿਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀ ਵਰਨਾ ਕਾਰ ’ਤੇ ਸਵਾਰ ਹੋ ਕੇ ਆ ਰਹੇ ਸਨ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਟਾਫ਼ ਦੇ ਇੰਚਾਰਜ਼ ਦਲਜੀਤ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰਕੇ ਇਹ ਅਫ਼ੀਮ ਬਰਾਮਦ ਕੀਤੀ ਹੈ। ਮੁਜ਼ਰਮਾਂ ਦੀ ਪਹਿਚਾਣ ਰਾਜਵਿੰਦਰ ਸਿੰਘ ਵਾਸੀ ਪਿੰਡ ਝੰਡੂਕੇ ਜਿਲ੍ਹਾ ਬਠਿੰਡਾ ਅਤੇ ਰਮਨੀਤ ਕੁਮਾਰ ਵਾਸੀ ਗੁਰੂ ਕੀ ਨਗਰੀ ਬਠਿੰਡਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਵਿਰੁਧ ਪਹਿਲਾਂ ਵੀ ਕੁੱਝ ਨਸ਼ੀਲੀਆਂ ਵਸਤੂਆਂ ਦੇ ਪਰਚੇ ਦਰਜ਼ ਹਨ। ਮੁਢਲੀ ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਵਿਅਕਤੀ ਇਹ ਅਫੀਮ ਹਰਿਆਣਾ ਤੋਂ ਲੈ ਕੇ ਆਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ
ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇੰਨ੍ਹਾਂ ਇਹ ਅਫ਼ੀਮ ਅੱਗੇ ਕਿਸਨੂੰ ਸਪਲਾਈ ਕਰਨੀ ਸੀ। ਮੁਜਰਮਾਂ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਅ/ਧ 18ਬੀ/61/85 ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਹਰਸ਼ਦੀਪ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਨੂੰ ਕਾਬੂ ਕਰਕੇ ਉਸਦੇ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਇੱਕ ਕਿਲੋ ਅਫ਼ੀਮ ਸਹਿਤ ਦੋ ਕਾਬੂ
16 Views