ਬਾਦਲਾਂ ਦੇ ਗੜ੍ਹ ’ਚ ਭਾਜਪਾ, ਕੈਪਟਨ ਤੇ ਢੀਂਡਸਾ ਧੜੇ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਬਣੀ

0
13

ਕੈਪਟਨ ਤੇ ਭਾਜਪਾ 4-4 ਤੇ ਢੀਂਡਸਾ ਧੜੇ 1 ਸੀਟ ’ਤੇ ਲੜੇਗਾ ਚੋਣ
ਰਾਜ ਨੰਬਰਦਾਰ ਹੋ ਸਕਦੇ ਹਨ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਪੰਜਾਬ ’ਚ ਪਹਿਲੀ ਵਾਰ ਸ਼੍ਰੋ੍ਰਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੀ ਸਿਆਸੀ ਜਮੀਨ ਤਲਾਸ ਰਹੀ ਭਾਰਤੀ ਜਨਤਾ ਪਾਰਟੀ ਤੇ ਉਸਦੀਆਂ ਸਹਿਯੋਗੀ ਧਿਰਾਂ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦਾ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ਦੀ ਵੰਡ ’ਤੇ ਸਹਿਮਤੀ ਹੋ ਗਈ ਹੈ। ਸੂਤਰਾਂ ਮੁਤਾਬਕ ਭਾਜਪਾ ਗੱਠਜੋੜ ਵਲੋਂ ਲਏ ਫੈਸਲੇ ਤੋਂ ਬਾਅਦ ਹੁਣ ਭਾਜਪਾ 4, ਕੈਪਟਨ 4 ਅਤੇ ਢੀਂਡਸਾ ਗਰੁੱਪ ਦੇ ਹਿੱਸੇ 1 ਇੱਕ ਸੀਟ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਅਪਣੀ ਵੱਖ਼ਰੀ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਪੱਟੀ ’ਚ ਬਠਿੰਡਾ ਸਹਿਰੀ, ਰਾਮਪੁਰਾ,ਮਾਨਸਾ ਤੇ ਬੁਢਲਾਡਾ ਹਲਕੇ ਦਿੱਤੇ ਗਏ ਹਨ। ਜਦੋਂਕਿ ਬਠਿੰਡਾ ਦਿਹਾਤੀ ਹਲਕਾ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਹੈ। ਇਸੇ ਤਰ੍ਹਾਂ ਸ਼ਹਿਰਾਂ ’ਤੇ ਦਾਅਵਾ ਜਤਾਉਣ ਵਾਲੇ ਭਾਜਪਾ ਦੇ ਹਿੱਸੇ ਹੁਣ ਤਲਵੰਡੀ ਸਾਬੋ, ਮੋੜ, ਭੁੱਚੋਂ ਅਤੇ ਸਰਦੂਲਗੜ੍ਹ ਵਰਗੀਆਂ ਦਿਹਾਤੀ ਸੀਟਾਂ ਆਈਆਂ ਹਨ। ਉਜ ਇਹ ਵੀ ਪਤਾ ਲੱਗਿਆ ਹੈ ਕਿ ਜਿਆਦਾਤਰ ਹਲਕਿਆਂ ਵਿੱਚੋਂ ਗਠਜੋੜ ਦੇ ਉਮੀਦਵਾਰ ਕਮਲ ਦੇ ਚੋਣ ਨਿਸਾਨ ਉਪਰ ਹੀ ਸਿਆਸੀ ਲੜਾਈ ਲੜਣਗੇ। ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਰਾਜ ਨੰਬਰਦਾਰ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਹੋਣਗੇ ਪੰ੍ਰਤੂ ਉਨ੍ਹਾਂ ਦਾ ਚੋਣ ਨਿਸ਼ਾਨ ਕਮਲ ਹੋਵੇਗਾ। ਸ਼੍ਰੀ ਨੰਬਰਦਾਰ ਨੂੰ ਇਸ ਹਲਕੇ ਤੋਂ ਚੋਣ ਲੜਾਉਣ ਲਈ ਕੈਪਟਨ ਨੇ ਭਾਜਪਾ ਨਾਲ ਕਾਫ਼ੀ ਤੋਲ ਮੋਲ ਕੀਤਾ ਹੈ। ਜਿਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸਮੇਂ ਤੋਂ ਹੀ ਇਸ ਹਲਕੇ ’ਤੇ ਦਾਅਵਾ ਜਤਾ ਰਹੇ ਸਥਾਨਕ ਭਾਜਪਾਈਆਂ ਨੂੰ ਹੁਣ ਮੁੜ ਸਬਰ ਦਾ ਘੁੱਟ ਭਰਨਾ ਪਿਆ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਤੇ ਮੋੜ ਹਲਕੇ ਵਿਚੋਂ ਕਿਸੇ ਇੱਕ ’ਤੇ ਪਾਰਟੀ ਅਪਣੇ ਵੱਡੇ ਚੇਹਰੇ ਦਿਆਲ ਸੋੋਢੀ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਹਾਲਾਂਕਿ ਅਕਾਲੀ ਦਲ ਛੱਡਣ ਵਾਲੇ ਰਵੀਪ੍ਰੀਤ ਸਿੱਧੂ ਤਲਵੰਡੀ ਸਾਬੋ ਤੋਂ ਅਤੇ ਜਗਦੀਪ ਸਿੰਘ ਨਕਈ ਦਾ ਨਾਮ ਮੋੜ ਹਲਕੇ ਤੋਂ ਬੋਲਦਾ ਹੈ। ਉਧਰ ਭੁੱਚੋ ਮੰਡੀ ਹਲਕੇ ਤੋਂ ਕਾਗਰਸ ਦੇ ਇੱਕ ਵੱਡੇ ਚਿਹਰੇ ਦੇ ਭਾਜਪਾ ਵਿੱਚ ਆਉਣ ਦੀ ਚਰਚਾ ਹੈ। ਅਜਿਹਾ ਨਾ ਹੋਣ ’ਤੇ ਨੌਜਵਾਨ ਆਗੂ ਰੁਪਿੰਦਜੀਤ ਸਿੰਘ ਤੇ ਜਸਵੀਰ ਮਹਿਰਾਜ ਵਿਚੋਂ ਕੋਈ ਉਮੀਦਵਾਰ ਹੋ ਸਕਦਾ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਤੋਂ ਭਾਜਪਾ ਅਪਣੇ ਕਿਸੇ ਸਥਾਨਕ ਆਗੂ ਨੂੰ ਚੋਣ ਲੜਾ ਸਕਦੀ ਹੈ ਜਦੋਂਕਿ ਕਾਂਗਰਸ ਛੱਡ ਕੈਪਟਨ ਨਾਲ ਖੜਣ ਵਾਲੇ ਨੌਜਵਾਨ ਆਗੂ ਗੁਰਸ਼ਰਨ ਸਿੰਘ ਮਾਖਾ ਨੂੰ ਵੀ ਅਪਣਾਇਆ ਜਾ ਸਕਦਾ ਹੈ। ਉਧਰ ਅਪਣੇ ਪੁਰਖਿਆਂ ਦੇ ਪਿੰਡ ਵਾਲੇ ਹਲਕਾ ਰਾਮਪੁਰਾ ’ਚ ਕੈਪਟਨ ਵਲੋਂ ਅਪਣਾ ਉਮੀਦਵਾਰ ਮੈਦਾਨ ਵਿਚ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਹਾਲੇ ਨਾਮ ਸਾਹਮਣੇ ਨਹੀਂ ਆਇਆ ਪ੍ਰੰਤੂ ਰਾਹੁਲ ਮਹਿਰਾਜ ਇੱਥੋਂ ਉਮੀਦਵਾਰ ਹੋ ਸਕਦੇ ਹਨ। ਇਸਦਾ ਵੱਡਾ ਨੁਕਸਾਨ ਕਾਂਗਰਸ ਦੇ ਮੌਜੂਦਾ ਉਮੀਦਵਾਰ ਨੂੰ ਹੋ ਸਕਦਾ ਹੈ। ਮਾਨਸਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਟੇਕ ਗਾਗੋਵਾਲ ਪ੍ਰਵਾਰ ’ਤੇ ਹੈ ਪ੍ਰੰਤੂ ਕਿਤੇ ਕਿਤੇ ਰਣਇੰਦਰ ਦਾ ਨਾਮ ਵੀ ਬੋਲਦਾ ਹੈ। ਬੁਲਢਾਡਾ ਹਲਕੇ ਤੋਂ ਇੱਕ ਹੋਰ ਕਾਂਗਰਸੀ ਆਗੂ ਦੀ ਕੈਪਟਨ ਦੀ ਪਾਰਟੀ ਵਲੋਂ ਚੋਣ ਲੜਣ ਦੀ ਸੰਭਾਵਨਾ ਹੈ। ਉਧਰ ਪਹਿਲੀ ਵਾਰ ਭਾਜਪਾ ਤੇ ਕੈਪਟਨ ਨਾਲ ਗਠਜੋੜ ਕਰਕੇ ਬਾਦਲਾਂ ਦੇ ਗੜ੍ਹ ’ਚ ਅਪਣਾ ਉਮੀਦਵਾਰ ਉਤਾਰਨ ਜਾ ਰਹੇ ਸੰਯੁਕਤ ਅਕਾਲੀ ਦਲ ਵਲੋਂ ਅਪਣੇ ਹਿੱਸੇ ਆਈ ਬਠਿੰਡਾ ਦਿਹਾਤੀ ਸੀਟ ਤੋਂ ਸਾਬਕਾ ਐਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ ਦਾ ਨਾਮ ਪ੍ਰਮੁੱਖ ਹੈ ਪ੍ਰੰਤੂ ਉਨ੍ਹਾਂ ਵਲੋਂ ਜੈਤੋ ਹਲਕੇ ਤੋਂ ਚੋਣ ਲੜਣ ਦੀ ਸੰਭਾਵਨਾ ਦੇ ਚੱਲਦਿਆਂ ਸਾਬਕਾ ਅਕਾਲੀ ਆਗੂ ਅੰਗਰੇਜ਼ ਸਿੰਘ ਦਿਊਣ ਦਾ ਉਮੀਦਵਾਰ ਬਣਨਾ ਤੈਅ ਹੈ।

LEAVE A REPLY

Please enter your comment!
Please enter your name here