Punjabi Khabarsaar
ਸਿੱਖਿਆ

ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ.ਯੂਨਿਟ ਵੱਲੋਂ ਸੈਮੀਨਾਰ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ : ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਸੰਬੰਧੀ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਥੀਮ ‘ਨਸਲਵਾਦ ਨੂੰ ਖ਼ਤਮ ਕਰੋ ਅਤੇ ਸ਼ਾਂਤੀ ਬਣਾਓ’ ਸੀ। ਇਸ ਸੈਮੀਨਾਰ ਵਿੱਚ ਐਨ.ਐਸ.ਐਸ. ਦੇ 50 ਵਲੰਟੀਅਰਾਂ ਅਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਦਾ ਉਦੇਸ਼ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਅਤੇ ਨਸਲਵਾਦ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਨਾ ਸੀ । ਐਮ.ਐਸ.ਸੀ. (ਆਈ.ਟੀ.) ਦੀ ਵਿਦਿਆਰਥਣ ਨਵਨੀਤ ਕੌਰ ਨੇ ਮੰਚ ਸੰਚਾਲਨ ਕਰਦਿਆਂ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਮਾਗਮ 1954 ਵਿੱਚ ਜਾਪਾਨ ਵਿੱਚ ਸ਼ੁਰੂ ਹੋਇਆ ਸੀ ਅਤੇ 2001 ਵਿੱਚ ਸ਼ਾਂਤੀ ਦਾ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਨੇ ਚੰਗੀ ਅਤੇ ਮਾੜੀ ਸ਼ਾਂਤੀ ਦੋਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਸਭਿਆਚਾਰਕ ਅਤੇ ਢਾਂਚਾਗਤ ਸ਼ਾਂਤੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਇੱਕ ਦੂਜੇ ਤੋਂ ਕਿਵੇਂ ਵਿਭਿੰਨ ਹਨ। ਉਨ੍ਹਾਂ ਨੇ ਅਸ਼ਾਂਤੀ ਦੇ ਸਮਾਜਿਕ ਅਤੇ ਸਭਿਆਚਾਰਕ ਰੂਪਾਂ ਬਾਰੇ ਵੀ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਅਸ਼ਾਂਤੀ ਦਾ ਹੱਲ ਏਕਤਾ ਹੈ। । ਉਨ੍ਹਾਂ ਨੇ ਅਜਿਹੇ ਬੱਚੇ ਦੀ ਉਦਾਹਰਨ ਦਿੱਤੀ ਜਿਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਸਮਾਜ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਨੇ “ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਬ ਬੰਦੇ’ ਦਾ ਬਹੁਤ ਹੀ ਵਧੀਆ ਵਰਣਨ ਵੀ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਦੁਰਵਰਤੋਂ ਨਾ ਕਰੀਏ ਅਤੇ ਦੂਜਿਆਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖੀਏ। ਸਾਨੂੰ ਕਿਸੇ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ।
ਐਨ.ਐਸ.ਐਸ. ਕੋਆਰਡੀਨੇਟਰ ਮੈਡਮ ਸੁਖਜਿੰਦਰ ਕੌਰ ਨੇ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਦੀ ਮਹੱਤਤਾ ਨੂੰ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਸਾਂਝਾ ਕੀਤਾ ਅਤੇ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਾਨੂੰ ਸ਼ਾਂਤੀਪੂਰਨ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਅੰਤ ਵਿੱਚ ਉਨ੍ਹਾਂ ਨੇ ਐਨ.ਐਸ.ਐਸ. ਯੂਨਿਟ ਦੀ ਸਮੁੱਚੀ ਟੀਮ ਦੀ ਤਰਫ਼ੋਂ ਮਹਿਮਾਨ ਬੁਲਾਰੇ ਸ੍ਰੀ ਬੀ.ਡੀ. ਸ਼ਰਮਾ ਦਾ ਧੰਨਵਾਦ ਕੀਤਾ। ਇਹ ਸੈਮੀਨਾਰ ਬਹੁਤ ਹੀ ਦਿਲਚਸਪ ਅਤੇ ਗਿਆਨ ਵਰਧਕ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

4161 ਮਾਸਟਰ ਕੇਡਰ ਅਧਿਆਪਕਾਂ ਨੇ ਲੋਕਲ ਸਟੇਸ਼ਨ ਦਿੱਤੇ ਜਾਣ ਦੀ ਕੀਤੀ ਮੰਗ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਜੇ ਕਾਨਵੋਕੇਸ਼ਨ ਸਮਾਰੋਹ ਵਿੱਚ 368 ਡਿਗਰੀਆਂ ਵੰਡੀਆਂ ਗਈਆਂ

punjabusernewssite

ਬਾਬਾ ਫ਼ਰੀਦ ਕਾਲਜ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ

punjabusernewssite