ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਬਾਬਾ ਫ਼ਰੀਦ ਕਾਲਜ ਦੇ ਕਲਚਰਲ ਕਲੱਬ ਨੇ ਕਾਲਜ ਦੇ ਮੈਡੀਕਲ, ਬਾਇਉਟੈਕਨਾਲੋਜੀ, ਬੋਟਨੀ ਅਤੇ ਜੂਲੋਜੀ ਵਿਭਾਗ ਦੇ ਸਹਿਯੋਗ ਨਾਲ ‘ਵਿਸ਼ਵ ਭੋਜਨ ਦਿਵਸ-2021‘ ਮਨਾਇਆ । ਇਸ ਸਮਾਗਮ ਦਾ ਮੁੱਖ ਉਦੇਸ਼ ਗਲੋਬਲ ਸੰਕਟ ਨਾਲ ਨਜਿੱਠਣ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭੋਜਨ ਸਾਰੇ ਮਨੁੱਖਾਂ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ‘ਵਿਸ਼ਵ ਭੋਜਨ ਦਿਵਸ‘ ਦੇ ਇਤਿਹਾਸ ਬਾਰੇ ਅਤੇ ਆਮ ਜਾਣ-ਪਛਾਣ ਨਾਲ ਸਾਲ 2021 ਦੇ ਥੀਮ ‘ਤੇ ਚਰਚਾ ਕੀਤੀ ਗਈ। ਸਹਾਇਕ ਪ੍ਰੋਫੈਸਰ ਸ਼੍ਰੀਮਤੀ ਹਰਨੀਤ ਕੌਰ ਦੰਦੀਵਾਲ ਨੇ ਇਸ ਸਾਲ ਦੇ ਥੀਮ ਦਾ ਸੰਖੇਪ ਮਹੱਤਵ ਅਤੇ ਵੇਰਵਾ ਦਿੱਤਾ। ਇਸ ਸਮਾਗਮ ਦੌਰਾਨ ‘ਫੂਡ ਵਿਦਾਊਟ ਫਾਇਰ‘ ਮੁਕਾਬਲਾ ਇਸੇ ਥੀਮ ਤਹਿਤ ਰੱਖਿਆ ਗਿਆ। ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਵਿਦਿਆਰਥੀਆਂ ਨੇ ਬੇਲ ਪੁਰੀ, ਟੇਕੋਜ਼, ਸੈਂਡਵਿਚ, ਵਾਧੂ ਸੁਆਦਾਂ ਵਾਲਾ ਮੱਖਣ, ਫ਼ਰਿਜ ਤੋਂ ਬਿਨਾਂ ਆਈਸਕ੍ਰੀਮ ਅਤੇ ਹੋਰ ਬਹੁਤ ਸਾਰੇ ਪਕਵਾਨ ਬਣਾਏ। ਮੁਕਾਬਲੇ ਦੀ ਜੱਜਮੈਂਟ ਡਾ. ਸੁਨੀਲ ਸੈਣੀ ਨੇ ਕੀਤੀ। ਜਿਸ ਅਨੁਸਾਰ ਇਸ ਮੁਕਾਬਲੇ ਵਿੱਚ ਬੀ.ਐਸ.ਸੀ. (ਮੈਡੀਕਲ) ਤੀਜਾ ਸਮੈਸਟਰ ਦੀ ਜੋਬਨਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਬੀ.ਐਸ.ਸੀ. (ਮੈਡੀਕਲ) ਤੀਜਾ ਸਮੈਸਟਰ ਦੀ ਲਵਦੀਪ ਕੌਰ ਅਤੇ ਸਿਮਰਨ ਕੌਰ ਨੇ ਦੂਜਾ ਸਥਾਨ ਜਦੋਂ ਕਿ ਅਕਾਂਕਸ਼ਾ ਨੇ ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਆਈ.ਆਈ.ਐਫ.ਪੀ.ਟੀ., ਬਠਿੰਡਾ ਤੋਂ ਸਹਾਇਕ ਪ੍ਰੋਫੈਸਰ ਡਾ. ਪ੍ਰਤਿਭਾ ਸਿੰਘ ਦੁਆਰਾ ਵਿਦਿਆਰਥੀਆਂ ਲਈ ਇੱਕ ਮਾਹਿਰ ਭਾਸ਼ਣ ਦਿੱਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਦੇ ਵੱਖ-ਵੱਖ ਪਹਿਲੂਆਂ ਦੇ ਨਾਲ-ਨਾਲ ਅੰਕੜੇ ਵੀ ਸਾਂਝੇ ਕੀਤੇ ਤਾਂ ਜੋ ਵਿਦਿਆਰਥੀਆਂ ਨੂੰ ਭੋਜਨ ਦੀ ਮੰਗ ਅਤੇ ਪੂਰੀ ਦੁਨੀਆ ਵਿਚ ਪੈਦਾ ਹੋਣ ਵਾਲੇ ਭੋਜਨ ਦੀ ਮਾਤਰਾ ਬਾਰੇ ਸਮਝਾਇਆ ਜਾ ਸਕੇ। ਉਨ੍ਹਾਂ ਨੇ ਵਾਤਾਵਰਨ ਪੱਖੀ ਤਰੀਕਿਆਂ ਨੂੰ ਅਪਣਾ ਕੇ ਭੋਜਨ ਦੀ ਬਰਬਾਦੀ ਨੂੰ ਰੋਕਣ ਵਾਲੀਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ। ਅੰਤ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਡਾ. ਪ੍ਰਤਿਭਾ ਸਿੰਘ ਨੇ ਜਵਾਬ ਦੇ ਕੇ ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ । ਕੁੱਲ ਮਿਲਾ ਕੇ, ਵੱਧ ਤੋਂ ਵੱਧ ਉਤਪਾਦਨ ਕਰਨ ਅਤੇ ਭੋਜਨ ਦੀ ਬਰਬਾਦੀ ਘੱਟ ਕਰਨ ਲਈ ਵਿਦਿਆਰਥੀਆਂ ਨੇ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਸਾਧਨਾਂ ਬਾਰੇ ਗਿਆਨ ਅਤੇ ਜਾਗਰੂਕਤਾ ਪ੍ਰਾਪਤ ਕੀਤੀ ਤਾਂ ਜੋ ਧਰਤੀ ਦਾ ਹਰ ਵਿਅਕਤੀ ਬੁਨਿਆਦੀ ਲੋੜਾਂ ਤੋਂ ਵਾਂਝਾ ਨਾ ਰਹੇ। ਮੁਕਾਬਲੇ ਦੀਆਂ ਐਂਟਰੀਆਂ ਅਤੇ ਨਿਯਮਾਂ ਸਬੰਧੀ ਸਾਰੇ ਸਵਾਲਾਂ ਦਾ ਨਿਪਟਾਰਾ ਕਲਚਰਲ ਕਲੱਬ ਦੇ ਕੋਆਰਡੀਨੇਟਰ ਦੁਆਰਾ ਕੀਤਾ ਗਿਆ। ਸਾਰੇ ਪੁਜ਼ੀਸ਼ਨ ਧਾਰਕਾਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ ਅਤੇ ਸਾਰੇ ਹਾਜ਼ਰੀਨ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਿਤੂ ਪਵਨ ਦੁਆਰਾ ਪ੍ਰਦਾਨ ਕੀਤੇ ਨਿਰੰਤਰ ਸੁਝਾਵਾਂ ਅਤੇ ਮਾਰਗ ਦਰਸ਼ਨ ਦੀ ਸ਼ਲਾਘਾ ਕਰਦਿਆਂ ਸਹਿ-ਕੋਆਰਡੀਨੇਟਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਬਾਬਾ ਫ਼ਰੀਦ ਕਾਲਜ ਦੇ ਕਲਚਰਲ ਕਲੱਬ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।