ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਦਿੱਤਾ ਮੰਗ ਪੱਤਰ

0
22

ਸੁਖਜਿੰਦਰ ਮਾਨ

ਤਲਵੰਡੀ ਸਾਬੋ, 9 ਦਸੰਬਰ: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਕਰਨ ਵਾਸਤੇ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਬੇਅਦਬੀ ਕਾਂਡ ਦੇ ਪੂਰਨ ਇਨਸਾਫ ਦੀ ਮੰਗ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਨਾਲ ਸੰਸਾਰ ਵਿੱਚ ਵੱਸਦੀਆਂ ਸ਼ਰਧਾਲੂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਸਨ ਜਿਸ ਦਾ ਪੂਰਾ ਇਨਸਾਫ਼ ਅੱਜ ਤੱਕ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ‘ਤੇ ਸਰਕਾਰ ਬਣਾਈ ਸੀ ਅਤੇ ਬੇਅਦਬੀ ਦਾ ਪੂਰਾ ਇਨਸਾਫ਼ ਨਾ ਕਰਨ ਕਾਰਨ ਹੀ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਥ ਧੋਣੇ ਪਏ । ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਕਿਹਾ ਕੇ ਤੁਹਾਨੂੰ ਮੌਕਾ ਮਿਲਿਆ ਹੈ ਗੁਰੂ ਦੀ ਸੇਵਾ ਅਤੇ ਫਰਜ਼ ਸਮਝ ਕੇ ਜਲਦੀ ਇਸ ਦਾ ਇਨਸਾਫ ਕਰਦਿਆਂ ਮੁੱਖ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ। ਜਿਨ੍ਹਾਂ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਤੇ ਨਸ਼ਿਆਂ ਉੱਪਰ ਪੂਰਨ ਪਾਬੰਦੀ ਲਾਉਣ ਵਾਸਤੇ ਵੀ ਮੰਗ ਕੀਤੀ। ਇਸੇ ਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਬਾਣੀ ਕਥਾ ਪ੍ਰਵਾਹ ਨੂੰ ਇੱਕ ਨਿੱਜੀ ਚੈਨਲ ਦੀ ਕੈਦ ਤੋਂ ਆਜ਼ਾਦ ਕਰਵਾ ਕੇ ਹਰ ਘਰ ਤੱਕ ਪਹੁੰਚਾਉਣ ਵੱਲ ਵੀ ਧਿਆਨ ਦਿਵਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਡੇਰਾ ਕਥਿਤ ਤੌਰ ‘ਤੇ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਰਕੇ ਗੁਰਮੀਤ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਜਿਸ ਨਾਲ ਮੁੱਖ ਦੋਸ਼ੀ ਬਚ ਰਹੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆ ਕੇ ਪੂਰੀ ਤਰ੍ਹਾਂ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਤਾਂ ਜੋ ਬਰਗਾੜੀ ਬੇਅਦਬੀ ਬੇਅਦਬੀ ਕਾਂਡ ਕਰਵਾਉਣ ਦੇ ਪਿੱਛੇ ਡੇਰਾ ਸਿਰਸਾ ਮੁਖੀ ਪਖੰਡੀ ਗੁਰਮੀਤ ਰਾਮ ਰਹੀਮ ਦੀ ਕੀ ਇੱਛਾ ਸੀ ਅਤੇ ਬਾਦਲ ਪਰਿਵਾਰ ਦੀ ਇਸ ਵਿਚ ਕੀ ਭੂਮਿਕਾ ਰਹੀ ਸਾਰਾ ਸੱਚ ਸੰਸਾਰ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

LEAVE A REPLY

Please enter your comment!
Please enter your name here